Qudrat di godd ਕੁਦਰਤ ਦੀ ਗੋਦ
ਚਾਰੇ ਪਾਸੇ ਸਨਾਟਾ, ਇੱਕ ਥਾਂ ਹੈ
'ਕੁਦਰਤ ਦੀ ਗੋਦ'
ਜਿੱਥੇ ਸਾਹ ਮੇਰੇ 'ਚ ਵੀ ਅਵਾਜ਼ ਹੈ
ਚਾਰ ਚੁਫ਼ੇਰੇ ਕੋਈ ਨਹੀਂ
ਬਸ ਮੈਂ ਹਾਂ ਤੇ ਹੈ ਮੇਰਾ ਦਿਲ
ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ
ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ
ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ
ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ
ਫੁੱਲ ਵੀ ਮੈਨੂੰ ਦੇਖ ਨਿੰਮਾ-ਨਿੰਮਾ
ਖਿੜ ਖਿੜਾ ਕੇ ਹੱਸ ਰਹੇ ਹਨ
ਨਿੰਮੀ-ਨਿੰਮੀ ਸਰਦ ਰੁੱਤ ਵਾਲੀ
ਸ਼ੀਤ ਹਵਾ ਮੈਨੂੰ ਠਾਰ ਰਹੀ ਹੈ
ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ
ਨੱਚ ਰਹੀਆਂ ਹਨ, ਜਿਵੇਂ ਸਾਵਣ 'ਚ ਮੋਰ
ਘਾਹ ਦੀ ਨੋਕ ਤੇ ਅੌਸ ਦੀਆਂ
ਨਿੱਕੀ ਨਿੱਕੀ ਬੂੰਦਾਂ
ਸੂਰਜ ਦੀ ਚਮਕ ਪੈਣ 'ਤੇ
ਇੰਝ ਚਮਕ ਰਹੀਆਂ ਹਨ
ਜਿਵੇਂ ਧਰਤੀ 'ਤੇ ਕਿਸੇ ਨੇ ਕਿਸੇ ਦੇ ਸੁਆਗਤ 'ਚ
ਫੁੱਲਾਂ ਦੀ ਥਾਂ ਹੀਰੇ-ਸੀਪੀਆਂ ਮੋਤੀ ਸਜਾਏ ਹੋਣ
ਇਹ ਬੈਂਚ ਵੀ ਖਾਲੀ ਪਏ
ਇੱਕ ਦੂਜੇ ਵੱਲ ਝਾਕ ਰਹੇ ਹਨ
ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ
ਤੇ ਇੱਕ ਦੂਜੇ ਨੂੰ ਪੁੱਛਦੇ ਹਨ -'ਕੋਈ ਨੀ ਆਇਆ? '
ਸਾਰੇ ਪੰਛੀਆਂ ਦੀ ਚੀਂ-ਚੀਂ,
ਕਾਂ-ਕਾਂ, ਗੁਟਰ-ਗੁਟਰ, ਟਰ-ਰ-ਟਰ
ਅਾਵਾਜ਼ਾਂ ਸੰਗੀਤ ਦੇ ਸਾਜ਼ਾਂ ਦੀ ਤਰ੍ਹਾਂ
ਸੁਰ ਮਿਲਾ ਰਹੀਆਂ ਹਨ
ਧਰਤੀ ਦੀ ਹਰਿਆਵਲ ਇੰਝ ਲੱਗ ਰਹੀ ਹੈ
ਜਿਵੇਂ ਦੂਰ ਤੱਕ
ਹਰਾ ਕਾਰਪੇਟ ਵਿਛਿਆ ਹੋਇਆ ਹੋਵੇ
ਇੱਕ ਸੁੱਕਾ, ਕੀੜਿਆਂ ਦਾ ਖਾਧਾ,
ਖੋਖਲਾ ਜਿਹਾ ਦਰਖਤ
ਭਾਵੇਂ ਖਤਮ ਹੋਣ ਵਾਲਾ ਹੈ
ਪਰ ਉਸਨੇ ਜਿਉਂਣ ਦੀ ਆਸ ਵਿੱਚ
ਸੀਨਾ ਤਾਣੀ ਖੜੇ ਰਹਿਣਾ ਸਿਖਿਆ ਹੋਇਆ ਹੈ
ਇਸ ਸਮੇਂ ਦੀ ਗਤੀ ਤੋਂ ਜੀਉਂਣ ਦੀ ਆਸ ਨੀ ਛੱਡੀ,
ਭਾਵੇਂ ਸਾਥ ਛੱਡ ਗਈਆਂ ਜੜੵਾਂ ਉਸ ਦੀਆਂ
ਕੀੜੀਆਂ ਤੇ ਕੰਢੇਰ ਸਿਰਫ਼ ਆਪਣੇ ਲਈ ਨਹੀਂ
ਆਪਣਿਆਂ ਲਈ ਜਿਉਂਦੇ ਹਨ
ਤਾਂ ਹੀ ਤਾਂ ਜਿੱਥੇ ਅਨਾਜ਼ ਮਿਲਦਾ ਹੈ
ਸਾਰੀ ਟੋਲੀ ਸਮੇਤ ਚੱਲਦੀ ਹੈ
ਕੱਲੵੇ ਨਾ ਕਦੇ ਖਾਧਾ, ਨਾ ਖਾਣਾ ਚਾਹੁੰਦੇ ਨੇ ਏਹ
ਘਾਹ ਵਿੱਚੋਂ ਨਿੱਕੀਆਂ ਨਿੱਕੀਆਂ ਫੁੱਲਾਂ ਦੀਆਂ ਪੱਤੀਆਂ
ਸਿਰ ਕੱਢ ਕੇ ਬਾਹਰ
ਉਤਾਂਹ ਨੂੰ ਇੰਝ ਝਾਕ ਰਹੀਆਂ ਹਨ
ਜਿਵੇਂ ਨਿੱਕਾ ਬੱਚਾ ਅੱਡੀਆਂ ਚੁੱਕ ਕੇ
ਕੁਝ ਦੇਖਣ ਦੀ ਕੋਸ਼ਿਸ਼ ਕਰਦਾ ਹੈ
ਇਸ ਸ਼ਾਂਤੀ ਤੋਂ ਦੂਰ ਕਿਤੇ ਭਾਰੀ ਗੜਗੜਾਹਟ ਹੈ
ਸ਼ੋਰ ਹੈ, ਜਿੱਥੇ ਵਾਪਸ ਮੈਂ ਜਾਣਾ ਨਹੀਂ ਚਾਹੀਦੀ
ਪਰ ਨਾ ਚਾਹੁੰਦੇ ਵੀ ਉੱਥੇ ਜਾਣਾ ਪੈਣਾ ਹੈ
ਤਿੱਤਲੀਆਂ ਮੇਰੇ ਆਸ ਪਾਸ ਘੁੰਮ-ਘੁੰਮ
ਜਿਵੇਂ ਕਹਿ ਰਹੀਆਂ ਹਨ
'ਨਾ ਜਾਅ ਨਾ ਜਾਅ...।.
.
ਸੁਗਮ ਬਡਿਆਲ 🌻
#sugamwrites
Comments