September 27, 2023

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪਰਛਾਵੇਂ ਵਿੱਚ ਤੁਸੀਂ ਖੇਡਣਾ ਸਿੱਖਿਆ ਹੈ ਤਾਂ ਇਹ ਤੁਹਾਡੇ ਦੋਸਤ ਹਨ, ਜੇ ਡਰਨਾ, ਤਾਂ ਇਹ ਤੁਹਾਡੇ ਅਤੀਤ ਤੇ ਭਵਿੱਖ ਵਿੱਚ ਜ਼ਹਿਰ।

ਜ਼ਿੰਦਗੀ ਜਿਉਣ ਦਾ ਢੰਗ ਕਿਸ ਨੇ ਤੁਹਾਨੂੰ ਸਿਖਾਇਆ ਹੈ, ਮਾਂ - ਬਾਪ? ਦੋਸਤਾਂ? ਟੀਚਰਜ਼? ਉਹ ਕਿਤਾਬ ਦਾ ਸਾਰ ਹਨ, ਅਧਿਐਨ ਕਰਨ ਵਿੱਚ ਇਹ ਸੋਚ ਬਣਾਉਣ, ਸੰਤੁਲਿਤ ਸੋਚ ਬਣਾਉਣ ਦਾ ਜ਼ਰੀਆ...। ਉਹ ਸਿਰਫ਼ ਜ਼ਿੰਦਗੀ ਦੀ ਦਹਲੀਜ਼ ਉੱਤੇ ਬੜੇ ਪਿਆਰ ਨਾਲ ਤੁਹਾਨੂੰ ਰਵਾਨਾ ਕਰਨ ਆਉਂਦੇ ਹਨ, ਦਹਲੀਜ਼ ਤੋਂ ਪਰਲੇ ਪਾਸੇ ਦੇ ਸਫ਼ਰ ਵਿੱਚ ਸਿਰਫ਼ ਤੁਸੀਂ ਹੀ ਜਾਣਾ ਹੈ। ਉੱਥੇ ਉਹ ਨਾਲ ਨਾਲ ਨਹੀਂ ਤੁਰਦੇ, ਬਾਹਰੋਂ ਹੀ ਅਵਾਜ਼ ਲਾ ਕੇ ਹੌਂਸਲਾ ਵਧਾਉਂਦੇ ਹਨ। ਪਰਲੇ ਪਾਸੇ ਦੇ ਚੱਕਰ ਦੇ ਗੇੜ ਵਿੱਚ ਤੁਸੀਂ ਆਪਣੀ ਕਿਸਮਤ ਦੇ ਪਹਿਰੇਦਾਰ ਹੋ, ਕਿਸਮਤ ਦੋ ਮੂੰਹੀ ਹੈ। ਉਹ ਚੰਗੀ ਨੂੰ ਵੀ ਬੁਰੀ ਬਣਾ ਦਿੰਦੀ ਹੈ ਅਤੇ ਬੁਰੀ ਨੂੰ ਚੰਗੀ, ਕਿਉਂਕਿ ਉਹ ਤੁਹਾਡੀ ਸੋਚ ਅਤੇ ਗੁਣਾਂ ਨੂੰ ਪਰਖਦੀ ਹੈ ਕਿ ਤੁਸੀਂ ਇਸ ਚੱਕਰ ਵਿੱਚ ਆਉਣ ਤੋਂ ਪਹਿਲਾਂ ਕੀ ਸਿੱਖ ਕੇ ਆਏ ਹੋ।

ਤੁਸੀਂ ਇਸ ਚੱਕਰ ਵਿੱਚ ਜਿੱਥੇ ਸਥਿਰਤਾ, ਜਟਿਲਤਾ ਨਾਲ ਸੰਤੁਲਿਤ ਖੜ੍ਹ ਸਕਦੇ ਹੋ, ਉਹੀ ਤੁਹਾਡੀ ਕਿਸਮਤ ਦੀ  journey ਹੈ ਅਤੇ ਉਹੀ ਕਿਸਮਤ ਦੀ ਰਾਹ...।

ਕੋਈ ਤੁਹਾਡੇ ਚਿਹਰੇ ਵੱਲ ਨਹੀਂ ਵੇਖਦਾ, ਜਦੋਂ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਵਿਕਾਰ ਨਹੀਂ ਕਰਦੇ। ਕਿਸੇ ਦੀ ਹਿੰਮਤ ਨਈਂ ਕਿ ਉਹ ਤੁਹਾਡੇ ਔਰੇ ਵਿੱਚੋਂ ਨਿਕਲ ਸਕੇ, ਜਦੋਂ ਤੱਕ ਤੁਸੀਂ ਸੰਤੁਲਿਤ ਅਤੇ ਜਟਿਲ ਨਹੀਂ।

ਚਾਰ ਲੋਕ ਕੀ ਸੋਚਣਗੇ, ਸਾਰੀ ਉਮਰ ਇਸੇ ਵਿੱਚ ਰਹਿ ਜਾਂਦੀ ਹੈ ਤੇ ਉਹੀ ਆਦਤਾਂ ਪਾਲ ਲੈਂਦੇ ਹਾਂ, ਉਹੀ ਕਰਨ ਲੱਗਦੇ ਹਾਂ ਜਿਸ ਤੋਂ ਉਹੀ ਚਾਰ ਲੋਕਾਂ ਦੇ ਚਿਹਰੇ ਕੋਈ ਰੰਗ ਨਾ ਦਿਖਾਉਣ। ਜਿਨ੍ਹਾਂ ਚਾਰ ਲੋਕਾਂ ਦੀ ਸੋਚ ਸੋਚ ਕੇ ਅਸੀਂ ਜਿੰਦਗੀ ਨੂੰ ਆਪਣੀ ਨਾ ਸਮਝ ਕੇ ਉਨ੍ਹਾਂ ਮੁਤਾਬਿਕ ਜਿਉਂਣ ਲੱਗਦੇ ਹਾਂ, ਤਾਂ ਉਹ ਜਿੰਦਗੀ ਵਿਚਕਾਰ ਫੁੱਲਾਂ ਦੇ ਬੂਟੇ ਘੱਟ ਹੀ ਫੁੱਟਦੇ ਹਨ। ਪਰ ਸੱਚ ਜਾਣਨਾ ਉਨ੍ਹਾਂ ਚਾਰ ਲੋਕਾਂ ਨੂੰ ਤੁਹਾਡੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ, ਉਨ੍ਹਾਂ ਦੀ ਦਿਲਚਸਪੀ ਆਪਾਂ ਸਫਾਈਆਂ ਦੇ ਦੇ ਕੇ ਵਧਾਉਂਦੇ ਹਾਂ।

ਉਨ੍ਹਾਂ ਦੀ ਗੱਲਾਂ ਤੇ ਦਿਲਚਸਪੀ ਦੇ ਕੰਜੇ ਨਾਲ ਹਵਾ ਵਿੱਚ ਛੱਡ ਦਿੱਤਾ ਜਾਵੇ, ਹਵਾ ਮੁਸ਼ਕ ਨਾਲੋਂ ਵਧੇਰੇ ਤਾਕਤਵਰ ਹੈ, ਜਿਆਦਾ ਦੂਰ ਤੱਕ ਨਹੀਂ ਫੈਲਦੀ, ਪਤਾ ਵੀ ਨਹੀਂ ਲੱਗਣਾ।


ਸੁਗਮ ਬਡਿਆਲ

September 22, 2023

ਜਬਰਦਸਤੀ ਦੇ ਰਿਸ਼ਤੇ


ਕੀ ਕਹਾਣੀ ਦਿਖ ਗਈ
ਸੁਪਨਿਆਂ ਦੀ ਤਾਂ ਰੂਪਮਾਨੀ ਛਿੱਪ ਗਈ
ਕੁਝ ਵੀ ਹੋਇਆ ਨਹੀਂ ਉਸ ਤਰ੍ਹਾਂ
ਮਿਹਨਤ ਦੀ ਬੇਇਮਾਨੀ ਦਿਖ ਗਈ,

ਖੁਬਸੂਰਤੀ ਦੇ ਮਤਲਬ ਦੇ ਵੀ ਮਤਲਬ ਹੁੰਦੇ
ਮੈਂਨੂੰ ਇਉਂ ਉਨ੍ਹਾਂ ਨੇ ਦਿਲ ਵਿੱਚ ਜਬਰਦਸਤੀ ਮਤਲਬ ਸਮਝਾ ਦਿੱਤੇ,
ਮੈਂ ਸਮਾਂ ਮੰਗਿਆ ਤਾਂ ਮੇਰੀ ਗੱਲ ਨੂੰ
ਮਜਬੂਰੀ ਜਾਂ ਮਿੰਨਤ ਮੰਨ ਆਪਣੇ ਹੱਕ
'ਹਾਂ ਜਿਹਾ' ਆਖ ਮੇਰੇ ਉੱਤੇ ਬਿਠਾ ਦਿੱਤੇ,

ਦਿਲ ਦੀ ਤਰਜਮਾਨੀ ਨੂੰ ਮੈਂ
ਆਪਣੀ ਹਕੀਕਤ ਨਾਲ ਬਿਠਾਵਾਂ ਕਿਵੇਂ?
ਨਾਖੁਸ਼ ਦਿਲ ਨੇ ਹਕੀਕਤ ਮੁਹਰੇ ਆਪਣੇ ਦਮ ਹੀ ਘੋਟ ਦਿੱਤੇ।



ਸੁਗਮ ਬਡਿਆਲ

September 21, 2023

Qudrat di godd ਕੁਦਰਤ ਦੀ ਗੋਦ

 ਚਾਰੇ ਪਾਸੇ ਸਨਾਟਾ, ਇੱਕ ਥਾਂ ਹੈ

'ਕੁਦਰਤ ਦੀ ਗੋਦ'

ਜਿੱਥੇ ਸਾਹ ਮੇਰੇ 'ਚ ਵੀ ਅਵਾਜ਼ ਹੈ

ਚਾਰ ਚੁਫ਼ੇਰੇ ਕੋਈ ਨਹੀਂ

ਬਸ ਮੈਂ ਹਾਂ ਤੇ ਹੈ ਮੇਰਾ ਦਿਲ

ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ


ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ

ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ

ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ

ਫੁੱਲ ਵੀ ਮੈਨੂੰ ਦੇਖ ਨਿੰਮਾ-ਨਿੰਮਾ

ਖਿੜ ਖਿੜਾ ਕੇ ਹੱਸ ਰਹੇ ਹਨ


ਨਿੰਮੀ-ਨਿੰਮੀ ਸਰਦ ਰੁੱਤ ਵਾਲੀ

ਸ਼ੀਤ ਹਵਾ ਮੈਨੂੰ ਠਾਰ ਰਹੀ ਹੈ

ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ

ਨੱਚ ਰਹੀਆਂ ਹਨ, ਜਿਵੇਂ ਸਾਵਣ 'ਚ ਮੋਰ


ਘਾਹ ਦੀ ਨੋਕ ਤੇ ਅੌਸ ਦੀਆਂ

ਨਿੱਕੀ ਨਿੱਕੀ ਬੂੰਦਾਂ

ਸੂਰਜ ਦੀ ਚਮਕ ਪੈਣ 'ਤੇ

ਇੰਝ ਚਮਕ ਰਹੀਆਂ ਹਨ

ਜਿਵੇਂ ਧਰਤੀ 'ਤੇ ਕਿਸੇ ਨੇ ਕਿਸੇ ਦੇ ਸੁਆਗਤ 'ਚ 

ਫੁੱਲਾਂ ਦੀ ਥਾਂ ਹੀਰੇ-ਸੀਪੀਆਂ ਮੋਤੀ ਸਜਾਏ ਹੋਣ


ਇਹ ਬੈਂਚ ਵੀ ਖਾਲੀ ਪਏ

ਇੱਕ ਦੂਜੇ ਵੱਲ ਝਾਕ ਰਹੇ ਹਨ

ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ

ਤੇ ਇੱਕ ਦੂਜੇ ਨੂੰ ਪੁੱਛਦੇ ਹਨ -'ਕੋਈ ਨੀ ਆਇਆ? '


ਸਾਰੇ ਪੰਛੀਆਂ ਦੀ ਚੀਂ-ਚੀਂ,

ਕਾਂ-ਕਾਂ, ਗੁਟਰ-ਗੁਟਰ, ਟਰ-ਰ-ਟਰ

ਅਾਵਾਜ਼ਾਂ ਸੰਗੀਤ ਦੇ ਸਾਜ਼ਾਂ ਦੀ ਤਰ੍ਹਾਂ

ਸੁਰ ਮਿਲਾ ਰਹੀਆਂ ਹਨ


ਧਰਤੀ ਦੀ ਹਰਿਆਵਲ ਇੰਝ ਲੱਗ ਰਹੀ ਹੈ

ਜਿਵੇਂ ਦੂਰ ਤੱਕ

ਹਰਾ ਕਾਰਪੇਟ ਵਿਛਿਆ ਹੋਇਆ ਹੋਵੇ


ਇੱਕ ਸੁੱਕਾ, ਕੀੜਿਆਂ ਦਾ ਖਾਧਾ,

ਖੋਖਲਾ ਜਿਹਾ ਦਰਖਤ

ਭਾਵੇਂ ਖਤਮ ਹੋਣ ਵਾਲਾ ਹੈ

ਪਰ ਉਸਨੇ ਜਿਉਂਣ ਦੀ ਆਸ ਵਿੱਚ

ਸੀਨਾ ਤਾਣੀ ਖੜੇ ਰਹਿਣਾ ਸਿਖਿਆ ਹੋਇਆ ਹੈ

ਇਸ ਸਮੇਂ ਦੀ ਗਤੀ ਤੋਂ ਜੀਉਂਣ ਦੀ ਆਸ ਨੀ ਛੱਡੀ,

ਭਾਵੇਂ ਸਾਥ ਛੱਡ ਗਈਆਂ ਜੜੵਾਂ ਉਸ ਦੀਆਂ


ਕੀੜੀਆਂ ਤੇ ਕੰਢੇਰ ਸਿਰਫ਼ ਆਪਣੇ ਲਈ ਨਹੀਂ

ਆਪਣਿਆਂ ਲਈ ਜਿਉਂਦੇ ਹਨ

ਤਾਂ ਹੀ ਤਾਂ ਜਿੱਥੇ ਅਨਾਜ਼ ਮਿਲਦਾ ਹੈ

ਸਾਰੀ ਟੋਲੀ ਸਮੇਤ ਚੱਲਦੀ ਹੈ

ਕੱਲੵੇ ਨਾ ਕਦੇ ਖਾਧਾ, ਨਾ ਖਾਣਾ ਚਾਹੁੰਦੇ ਨੇ ਏਹ


ਘਾਹ ਵਿੱਚੋਂ ਨਿੱਕੀਆਂ ਨਿੱਕੀਆਂ ਫੁੱਲਾਂ ਦੀਆਂ ਪੱਤੀਆਂ

ਸਿਰ ਕੱਢ ਕੇ ਬਾਹਰ

ਉਤਾਂਹ ਨੂੰ ਇੰਝ ਝਾਕ ਰਹੀਆਂ ਹਨ

ਜਿਵੇਂ ਨਿੱਕਾ ਬੱਚਾ ਅੱਡੀਆਂ ਚੁੱਕ ਕੇ

ਕੁਝ ਦੇਖਣ ਦੀ ਕੋਸ਼ਿਸ਼ ਕਰਦਾ ਹੈ


ਇਸ ਸ਼ਾਂਤੀ ਤੋਂ ਦੂਰ ਕਿਤੇ ਭਾਰੀ ਗੜਗੜਾਹਟ ਹੈ

ਸ਼ੋਰ ਹੈ, ਜਿੱਥੇ ਵਾਪਸ ਮੈਂ ਜਾਣਾ ਨਹੀਂ ਚਾਹੀਦੀ

ਪਰ ਨਾ ਚਾਹੁੰਦੇ ਵੀ ਉੱਥੇ ਜਾਣਾ ਪੈਣਾ ਹੈ

ਤਿੱਤਲੀਆਂ ਮੇਰੇ ਆਸ ਪਾਸ ਘੁੰਮ-ਘੁੰਮ 

ਜਿਵੇਂ ਕਹਿ ਰਹੀਆਂ ਹਨ

'ਨਾ ਜਾਅ ਨਾ ਜਾਅ...।.

ਸੁਗਮ ਬਡਿਆਲ 🌻

#sugamwrites

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...