Showing posts with label Punjabi Stories. Show all posts
Showing posts with label Punjabi Stories. Show all posts

September 27, 2023

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪਰਛਾਵੇਂ ਵਿੱਚ ਤੁਸੀਂ ਖੇਡਣਾ ਸਿੱਖਿਆ ਹੈ ਤਾਂ ਇਹ ਤੁਹਾਡੇ ਦੋਸਤ ਹਨ, ਜੇ ਡਰਨਾ, ਤਾਂ ਇਹ ਤੁਹਾਡੇ ਅਤੀਤ ਤੇ ਭਵਿੱਖ ਵਿੱਚ ਜ਼ਹਿਰ।

ਜ਼ਿੰਦਗੀ ਜਿਉਣ ਦਾ ਢੰਗ ਕਿਸ ਨੇ ਤੁਹਾਨੂੰ ਸਿਖਾਇਆ ਹੈ, ਮਾਂ - ਬਾਪ? ਦੋਸਤਾਂ? ਟੀਚਰਜ਼? ਉਹ ਕਿਤਾਬ ਦਾ ਸਾਰ ਹਨ, ਅਧਿਐਨ ਕਰਨ ਵਿੱਚ ਇਹ ਸੋਚ ਬਣਾਉਣ, ਸੰਤੁਲਿਤ ਸੋਚ ਬਣਾਉਣ ਦਾ ਜ਼ਰੀਆ...। ਉਹ ਸਿਰਫ਼ ਜ਼ਿੰਦਗੀ ਦੀ ਦਹਲੀਜ਼ ਉੱਤੇ ਬੜੇ ਪਿਆਰ ਨਾਲ ਤੁਹਾਨੂੰ ਰਵਾਨਾ ਕਰਨ ਆਉਂਦੇ ਹਨ, ਦਹਲੀਜ਼ ਤੋਂ ਪਰਲੇ ਪਾਸੇ ਦੇ ਸਫ਼ਰ ਵਿੱਚ ਸਿਰਫ਼ ਤੁਸੀਂ ਹੀ ਜਾਣਾ ਹੈ। ਉੱਥੇ ਉਹ ਨਾਲ ਨਾਲ ਨਹੀਂ ਤੁਰਦੇ, ਬਾਹਰੋਂ ਹੀ ਅਵਾਜ਼ ਲਾ ਕੇ ਹੌਂਸਲਾ ਵਧਾਉਂਦੇ ਹਨ। ਪਰਲੇ ਪਾਸੇ ਦੇ ਚੱਕਰ ਦੇ ਗੇੜ ਵਿੱਚ ਤੁਸੀਂ ਆਪਣੀ ਕਿਸਮਤ ਦੇ ਪਹਿਰੇਦਾਰ ਹੋ, ਕਿਸਮਤ ਦੋ ਮੂੰਹੀ ਹੈ। ਉਹ ਚੰਗੀ ਨੂੰ ਵੀ ਬੁਰੀ ਬਣਾ ਦਿੰਦੀ ਹੈ ਅਤੇ ਬੁਰੀ ਨੂੰ ਚੰਗੀ, ਕਿਉਂਕਿ ਉਹ ਤੁਹਾਡੀ ਸੋਚ ਅਤੇ ਗੁਣਾਂ ਨੂੰ ਪਰਖਦੀ ਹੈ ਕਿ ਤੁਸੀਂ ਇਸ ਚੱਕਰ ਵਿੱਚ ਆਉਣ ਤੋਂ ਪਹਿਲਾਂ ਕੀ ਸਿੱਖ ਕੇ ਆਏ ਹੋ।

ਤੁਸੀਂ ਇਸ ਚੱਕਰ ਵਿੱਚ ਜਿੱਥੇ ਸਥਿਰਤਾ, ਜਟਿਲਤਾ ਨਾਲ ਸੰਤੁਲਿਤ ਖੜ੍ਹ ਸਕਦੇ ਹੋ, ਉਹੀ ਤੁਹਾਡੀ ਕਿਸਮਤ ਦੀ  journey ਹੈ ਅਤੇ ਉਹੀ ਕਿਸਮਤ ਦੀ ਰਾਹ...।

ਕੋਈ ਤੁਹਾਡੇ ਚਿਹਰੇ ਵੱਲ ਨਹੀਂ ਵੇਖਦਾ, ਜਦੋਂ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਵਿਕਾਰ ਨਹੀਂ ਕਰਦੇ। ਕਿਸੇ ਦੀ ਹਿੰਮਤ ਨਈਂ ਕਿ ਉਹ ਤੁਹਾਡੇ ਔਰੇ ਵਿੱਚੋਂ ਨਿਕਲ ਸਕੇ, ਜਦੋਂ ਤੱਕ ਤੁਸੀਂ ਸੰਤੁਲਿਤ ਅਤੇ ਜਟਿਲ ਨਹੀਂ।

ਚਾਰ ਲੋਕ ਕੀ ਸੋਚਣਗੇ, ਸਾਰੀ ਉਮਰ ਇਸੇ ਵਿੱਚ ਰਹਿ ਜਾਂਦੀ ਹੈ ਤੇ ਉਹੀ ਆਦਤਾਂ ਪਾਲ ਲੈਂਦੇ ਹਾਂ, ਉਹੀ ਕਰਨ ਲੱਗਦੇ ਹਾਂ ਜਿਸ ਤੋਂ ਉਹੀ ਚਾਰ ਲੋਕਾਂ ਦੇ ਚਿਹਰੇ ਕੋਈ ਰੰਗ ਨਾ ਦਿਖਾਉਣ। ਜਿਨ੍ਹਾਂ ਚਾਰ ਲੋਕਾਂ ਦੀ ਸੋਚ ਸੋਚ ਕੇ ਅਸੀਂ ਜਿੰਦਗੀ ਨੂੰ ਆਪਣੀ ਨਾ ਸਮਝ ਕੇ ਉਨ੍ਹਾਂ ਮੁਤਾਬਿਕ ਜਿਉਂਣ ਲੱਗਦੇ ਹਾਂ, ਤਾਂ ਉਹ ਜਿੰਦਗੀ ਵਿਚਕਾਰ ਫੁੱਲਾਂ ਦੇ ਬੂਟੇ ਘੱਟ ਹੀ ਫੁੱਟਦੇ ਹਨ। ਪਰ ਸੱਚ ਜਾਣਨਾ ਉਨ੍ਹਾਂ ਚਾਰ ਲੋਕਾਂ ਨੂੰ ਤੁਹਾਡੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ, ਉਨ੍ਹਾਂ ਦੀ ਦਿਲਚਸਪੀ ਆਪਾਂ ਸਫਾਈਆਂ ਦੇ ਦੇ ਕੇ ਵਧਾਉਂਦੇ ਹਾਂ।

ਉਨ੍ਹਾਂ ਦੀ ਗੱਲਾਂ ਤੇ ਦਿਲਚਸਪੀ ਦੇ ਕੰਜੇ ਨਾਲ ਹਵਾ ਵਿੱਚ ਛੱਡ ਦਿੱਤਾ ਜਾਵੇ, ਹਵਾ ਮੁਸ਼ਕ ਨਾਲੋਂ ਵਧੇਰੇ ਤਾਕਤਵਰ ਹੈ, ਜਿਆਦਾ ਦੂਰ ਤੱਕ ਨਹੀਂ ਫੈਲਦੀ, ਪਤਾ ਵੀ ਨਹੀਂ ਲੱਗਣਾ।


ਸੁਗਮ ਬਡਿਆਲ

September 22, 2023

ਜਬਰਦਸਤੀ ਦੇ ਰਿਸ਼ਤੇ


ਕੀ ਕਹਾਣੀ ਦਿਖ ਗਈ
ਸੁਪਨਿਆਂ ਦੀ ਤਾਂ ਰੂਪਮਾਨੀ ਛਿੱਪ ਗਈ
ਕੁਝ ਵੀ ਹੋਇਆ ਨਹੀਂ ਉਸ ਤਰ੍ਹਾਂ
ਮਿਹਨਤ ਦੀ ਬੇਇਮਾਨੀ ਦਿਖ ਗਈ,

ਖੁਬਸੂਰਤੀ ਦੇ ਮਤਲਬ ਦੇ ਵੀ ਮਤਲਬ ਹੁੰਦੇ
ਮੈਂਨੂੰ ਇਉਂ ਉਨ੍ਹਾਂ ਨੇ ਦਿਲ ਵਿੱਚ ਜਬਰਦਸਤੀ ਮਤਲਬ ਸਮਝਾ ਦਿੱਤੇ,
ਮੈਂ ਸਮਾਂ ਮੰਗਿਆ ਤਾਂ ਮੇਰੀ ਗੱਲ ਨੂੰ
ਮਜਬੂਰੀ ਜਾਂ ਮਿੰਨਤ ਮੰਨ ਆਪਣੇ ਹੱਕ
'ਹਾਂ ਜਿਹਾ' ਆਖ ਮੇਰੇ ਉੱਤੇ ਬਿਠਾ ਦਿੱਤੇ,

ਦਿਲ ਦੀ ਤਰਜਮਾਨੀ ਨੂੰ ਮੈਂ
ਆਪਣੀ ਹਕੀਕਤ ਨਾਲ ਬਿਠਾਵਾਂ ਕਿਵੇਂ?
ਨਾਖੁਸ਼ ਦਿਲ ਨੇ ਹਕੀਕਤ ਮੁਹਰੇ ਆਪਣੇ ਦਮ ਹੀ ਘੋਟ ਦਿੱਤੇ।



ਸੁਗਮ ਬਡਿਆਲ

August 23, 2023

ਖਾਲੀਪਣ Khaalipun

 

ਇਹਨਾਂ ਅੱਖਾਂ ਵਿੱਚ ਅੱਜ ਕੋਈ ਕਹਾਣੀ ਨਹੀਂ ਸੁਣਾਉਣ ਨੂੰ
ਜਾਂ ਇੰਝ ਕਹਾਂ ਕਿ ਕਹਾਣੀ ਸੋਚੀ ਨਈਂ ਅਗਲੀ ਸਵੇਰ ਦੀ।

ਬੱਸ! ਖਾਲੀ ਬਰਤਨ ਨੂੰ ਖਾਲੀ ਰਹਿਣ ਦਿੱਤਾ
ਬੱਸ! ਭਰਨ ਨੂੰ ਦਿਲ ਨਈਂ ਕੀਤਾ।


ਸੁਗਮ ਬਡਿਆਲ

August 04, 2023

Waqt di khetti ਵਕਤ ਦੀ ਖੇਤੀ

 ਕੁਝ ਅੱਖਰ ਅਸੀਂ ਇੱਕ ਵਕਤ ਲਈ ਵਾਹੇ ਹੁੰਦੇ ਨੇ

ਪਰ ਕਿਸੇ ਦੂਸਰੇ ਹੋਰ ਵਕਤ ਵਿੱਚ ਉੱਗ ਕੇ ਫਸਲ ਬਰਾਬਰ ਹੋ ਜਾਂਦੇ ਨੇ।


ਫ਼ਸਲ ਐਸੀ ਕਿ ਜਾਂ ਤਾਂ ਕਿੱਕਰ 

ਜਾਂ ਕਣਕਾਂ ਦੇ ਸਿੱਟੇ।


ਸੁਗਮ ਬਡਿਆਲ🌙

February 08, 2023

ਦਰਿਆ ਬਿਮਾਰ ਹਨ Dariya Bimar Han

 ਇਸ ਦਰਿਆ ਦਾ ਹਾਲ ਪੁੱਛੋ

ਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋ

ਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾ

ਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।


ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂ

ਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?

ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,

ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।


ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,

ਰੁਕ ਕੇ ਸਾਰ ਤਾਂ ਪੁੱਛੋ।


ਸੁਗਮ ਬਡਿਆਲ

July 24, 2022

Raah di kismat

 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .


ਹਰ ਰਾਹ ਦੀ ਕਿਸਮਤ

ਹਰ ਰਾਹ ਤੋਂ ਹਰ ਕੋਈ

ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ

ਧਰਤ ਨਹੀਂ ਖੰਗਾਲਦਾ,

ਬਿਨ ਪਾਣੀ ਦੇ ਤਪਦੀ

ਮਿੱਟੀ ਰੇਤ ਹੁੰਦੀ,

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ

ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ,

ਸ਼ਾਹ ਕਾਲੇ ਹਨ੍ਹੇਰ ਬਣ ਆਵਣ,

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ

June 06, 2022

Path ਰਾਹ

 ਕਈ ਰਾਹ ਐਸੇ ਹੁੰਦੇ ਹਨ ਕਿ ਕਦੇ ਨਹੀਂ ਮੁੱਕਦੇ। ਜਿੱਥੇ ਲੱਗਣ ਲੱਗਦਾ ਹੈ ਕਿ ਬਸ! ਹੁਣ ਖਤਮ ਹੋਣ ਵਾਲਾ ਹੈ, ਉੱਥੇ ਹੀ ਮੋੜ ਤੋਂ ਫ਼ੇਰ ਰਾਹ ਦਾ ਇੱਕ ਹੋਰ ਸਿਰਾ ਸ਼ੁਰੂ ਹੋ ਜਾਂਦਾ ਹੈ। ਜਿੰਦਗੀ ਹੈ, ਭਾਵੇਂ ਰਾਹ ਹੈ, ਦੋਵੇਂ ਜਦੋਂ ਇੱਕ ਰਾਹ ਉੱਤੇ ਤੁਰਨਾ ਸ਼ੁਰੂ ਕਰਦੇ ਹਨ, ਤਾਂ ਮਿੱਟੀ- ਧੂੜ, ਕਦੇ ਪੱਕੀ ਬਜਰੀ - ਸੀਮਿੰਟ ਲੁੱਕ ਦੇ ਰਾਹ ਵਰਗੀ ਸਖਤ ਨਿਕਲਦੀ ਹੈ, ਕਦੇ ਜ਼ਿੰਦਗੀ ਸਸਪੈਂਸ, ਮੋੜ ਤੋਂ ਫ਼ੇਰ ਮੋੜ ਵਰਗੀ, ਕਦੇ ਤੇਜ਼ ਰਫ਼ਤਾਰ ਨਾਲ ਚੱਲਦੇ ਵਾਹਨਾਂ ਵਰਗੀ ਜ਼ਿੰਦਗੀ ਹੋ ਗੁਜ਼ਰਦੀ ਹੈ। ਜਿੱਥੇ ਖਲੋ ਕੇ ਇੱਕ ਮਿੰਟ ਵੀ ਜੇਕਰ ਖੜ੍ਹ ਕੇ ਸੋਚਣ ਦੀ ਸੋਚਾਂ, ਤਾਂ ਇਹ ਮੁਮਕਿਨ ਨਹੀਂ ਹੈ। ਪਾਣੀ ਦੇ ਵਹਾਅ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਇਹ ਆਪਣੇ ਆਪ ਨੂੰ ਵਾਧੂ, ਫਾਲਤੂ ਦੀ ਮਿਹਨਤ ਵਿੱਚ ਪਾਉਣ ਵਾਲਾ ਕੰਮ ਹੈ, ਜਿਸਦਾ ਰਿਜ਼ਲਟ ਕਿ ਵੇਗ ਉੱਤੇ ਉਲਟ ਹੱਥ- ਪੈਰਾਂ ਮਾਰਨਾ ਬੇਵਕੂਫ਼ੀ ਹੈ। ਇਸ ਔਪਸ਼ਨ ਦੇ ਉਲਟ ਵੀ ਦੋ ਔਪਸ਼ਨ ਹਨ - ਜਾਂ ਆਪਣੇ ਆਪ ਨੂੰ ਜ਼ਿੰਦਗੀ ਤੇ ਦੁਨੀਆਦਾਰੀ ਦੇ ਵੇਗ ਸਹਾਰੇ ਛੱਡ ਦੇਣਾ, ਜਾਂ ਉਸ ਵੇਗ ਨਾਲ ਤੁਰਨਾ, ਪਰ ਆਪਣੇ ਹੱਥਾਂ ਪੈਰਾਂ ਦਾ ਚੱਪਾ ਬਣਾ ਕੇ ਰਾਹ ਵਿੱਚ ਆਉਂਦੇ ਝਾੜ, ਚੱਟਾਨਾਂ ਤੋਂ ਬਚਾਉਣਾ ਵੀ, ਅੱਖਾਂ ਬੰਦ ਕਰਕੇ ਪਾਣੀ ਦੇ ਵੇਗ ਉੱਤੇ ਵੀ ਭਰੋਸਾ ਨਹੀਂ ਕਰਨਾ।


ਕੁਝ ਰਾਹ ਇੰਨੇ ਲੰਮਾ ਹੋ ਜਾਂਦੇ ਨੇ ਕਿ ਤੁਰਦੇ ਤੁਰਦੇ ਹੁਣ ਇਹੀ ਭਰਮ ਹੋਣ ਲੱਗਿਆ ਹੈ ਕਿ ਕਿਤੇ ਮੈਂ ਸਿੱਧੇ ਰਾਹ ਦੀ ਬਜਾਏ ਕਿਸੇ ਗੋਲੇ ਵਿੱਚ ਹੀ ਤਾਂ ਨਹੀਂ ਘੁੰਮੀ ਜਾ ਰਹੀ। ਕਿਉਂਕਿ ਸਾਰਾ ਕੁਝ ਓਹੀ ਹੈ ਨਕਸ਼। ਕੁਝ ਦੂਰੀ ਉੱਤੇ ਜਾਕੇ ਮੌਸਮ, ਰੁੱਤਾਂ, ਸੁਭਾਅ, ਨੈਣ ਨਕਸ਼, ਲੋਕ, ਫੁੱਲ ਬੂਟੇ, ਰੁੱਖ ਬਦਲਦੇ ਹਨ ਅਤੇ ਸੋਚਣ ਤੇ ਸਮਝਣ ਅਤੇ ਮਹਿਸੂਸ ਕਰਨ ਦੇ ਢੰਗ ਵੀ....।


ਹਰ ਰਾਹ ਤੋਂ ਹਰ ਕੋਈ ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ ਧਰਤ ਨਹੀਂ ਖੰਗਾਲਦਾ

ਬਿਨ ਪਾਣੀ ਦੇ ਤਪਦੀ ਮਿੱਟੀ ਰੇਤ ਹੁੰਦੀ

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ

ਸ਼ਾਹ ਕਾਲੇ ਹਨ੍ਹੇਰ ਬਣ ਆਵਣ

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ🌙🌻


December 12, 2021

Zindagi da aakhri din ਜ਼ਿੰਦਗੀ ਦਾ ਆਖਰੀ ਦਿਨ

 

ਇੱਕ ਵਾਰ ਇੱਕ ਗਰੀਬ ਕੁੜੀ ਸੀ, ਜਿਸਦਾ ਨਾਮ ਜੈਸੀਕਾ ਸੀ। ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਹ ਪਰਸੋਂ ਮਰ ਜਾਵੇਗੀ। ਉਹ ਘਬਰਾਈ ਵੀ ਅਤੇ ਨਹੀਂ ਵੀ, ਘਬਰਾਈ ਇਸ ਲਈ ਕਿ ਉਹ ਆਪਣੇ ਸੁਪਨੇ ਚਾਅ ਪੂਰੇ ਨਹੀਂ ਕਰ ਪਾਏਗੀ ਅਤੇ ਹੌਂਸਲਾ ਇਸ ਲਈ ਰੱਖਿਆ ਕਿ ਉਸਨੂੰ ਤਾਂ ਮੌਤ ਵੀ ਦੱਸ ਕੇ ਆ ਰਹੀ ਹੈ ਅਤੇ ਮੌਤ ਤੋਂ ਪਹਿਲਾਂ ਉਸ ਲਈ ਆਪਣੇ ਸੁਪਨੇ ਜਿਉਂਣ ਦਾ ਪੂਰਾ ਇੱਕ ਦਿਨ ਹੈ। ਉਹ ਆਖਰੀ ਦਿਨ ਨੂੰ ਖੁਸ਼ਨੁਮਾ ਢੰਗ ਨਾਲ ਜੀਅ ਕੇ ਜਾਣਾ ਚਾਹੁੰਦੀ ਸੀ।
ਸਵੇਰ ਹੋਈ ਤੇ ਉੱਠ ਕੇ ਮੰਦਰ ਗਈ ਅਤੇ ਰੱਬ ਦਾ ਸ਼ੁਕਰੀਆ ਕੀਤਾ ਕਿ ਉਸਨੇ ਦਿਨ ਦਾ ਵਕਤ ਦਿੱਤਾ ਹੈ।
ਰੱਬ ਨੂੰ ਯਾਦ ਕੀਤਾ, ਫ਼ੇਰ ਘਰ ਆਈ ਅਤੇ ਮਾਂ ਨੂੰ ਪੁੱਛਣ ਲੱਗੀ ਕਿ 'ਮਾਂ ਉਸ ਲਈ ਅਨਮੋਲ ਕੀ ਹੈ?' ਮਾਂ ਨੇ ਜਵਾਬ ਦਿੱਤਾ ਕਿ ਉਸਦੀ ਪਿਆਰੀ ਧੀ'।
ਉਹ ਉਦਾਸ ਹੋ ਗਈ ਅਤੇ ਸੋਚਣ ਲੱਗੀ ਕਿ ਉਸਦੇ ਜਾਣ ਤੋਂ ਬਾਦ ਮਾਂ ਦਾ ਕੀ ਹਾਲ ਹੋਵੇਗਾ?
ਉਸਨੇ ਮਾਂ ਨੂੰ ਖੁਸ਼ ਕਰਨ ਲਈ ਉਸਨੂੰ ਕਿਹਾ ਕਿ ਉਹ ਕਿਤੇ ਜੇ ਦੂਰ ਚਲੀ ਗਈ ਤਾਂ ਉਸਨੂੰ ਯਾਦ ਕਰਕੇ ਪਰੇਸ਼ਾਨ ਨਾ ਹੋਵੇ, ਬਲਕਿ ਇਹ ਸੋਚੇ ਕਿ ਉਹ ਉਸ ਦੇ ਨੇੜੇ ਹੈ ਹਮੇਸ਼ਾ, ਉਸਦੇ ਹਾਸੇ ਵਿੱਚ...।
ਉਸਨੇ ਮਾਂ ਨੂੰ ਕਿਹਾ ਕਿ ਉਹ ਅੱਜ ਆਰਾਮ ਕਰੇ, ਕਿਉਂਕਿ ਰੋਜ਼ ਤਾਂ ਉਹੀ ਕੰਮ ਕਰਦੀ ਹੈ। ਜੈਸੀਕਾ ਘਰ ਦੇ ਕੰਮ ਕਾਜ ਨੱਕੀ ਕਰਕੇ ਪਾਣੀ ਲੈਣ ਲਈ ਤੁਰਦੀ ਹੈ। ਉਹ ਪਾਣੀ ਲੈਣ ਨਦੀ ਕਿਨਾਰੇ ਗਈ ਅਤੇ ਜਿਵੇਂ ਹੀ ਪਾਣੀ ਭਰਨ ਲਈ ਗਾਗਰ ਪਾਣੀ ਵਿੱਚ ਡੁਬੋਈ, ਪਾਣੀ ਆਪ ਉਛੱਲ ਕੇ ਗਾਗਰ ਵਿੱਚ ਪੈਣ ਲੱਗਾ, ਉਹ ਡਰ ਗਈ ਅਤੇ ਛੇਤੀ ਛੇਤੀ ਉੱਥੋਂ ਚਲੀ ਗਈ।
ਰਾਹ ਵਿੱਚ ਜੋ ਉਸਦਾ ਮਨ - ਭਾਉਂਦਾ ਫੁੱਲਾਂ ਵਾਲਾ ਦਰਖਤ ਸੀ, ਉਸ 'ਤੇ ਬਹਾਰ ਆ ਗਈ ਸੀ ਅਤੇ ਫੁੱਲਾਂ ਨਾਲ ਭਰ ਗਿਆ ਸੀ। ਉਹ ਫ਼ੇਰ ਹੈਰਾਨ ਹੋ ਗਈ ਕਿ ਅੱਜ ਉਸ ਨਾਲ ਕੀ ਹੋ ਰਿਹਾ ਹੈ?
ਰਾਹ ਵਿੱਚ ਜਦੋਂ ਅੱਗੇ ਤੁਰੀ ਤਾਂ ਉਸਨੂੰ ਇੱਕ ਸੋਨੇ ਦੇ ਸਿੱਕਿਆਂ ਦੀ ਪੋਟਲੀ ਮਿਲੀ, ਉਸਨੂੰ ਲੱਗਾ ਕਿ ਕੋਈ ਰਾਹਗੀਰ ਦੀ ਡਿੱਗ ਪਈ ਹੈ ਅਤੇ ਉਹ ਜਰੂਰ ਹੀ ਲੈਣ ਵਾਪਸ ਆਵੇਗਾ। ਇਸ ਲਈ ਉਹ ਉੱਥੇ ਹੀ ਧੁੱਪ ਵਿੱਚ ਰਾਹੀ ਦੇ ਇੰਤਜ਼ਾਰ 'ਚ ਬੈਠ ਗਈ। ਸਵੇਰ ਤੋਂ ਸ਼ਾਮ ਹੋ ਗਈ, ਪਰ ਕੋਈ ਨਹੀਂ ਆਇਆ, ਉਸਨੇ ਇੰਨੇ ਵਕਤ ਵਿੱਚ ਸਮਾਂ ਲੰਘਾਉਣ ਲਈ ਪੇੜ ਦੇ ਫੁੱਲਾਂ ਨਾਲ ਖੇਡਦੇ ਹੋਏ ਇੱਕ ਬਹੁਤ ਸੋਹਣਾ ਹਾਰ ਅਤੇ ਤਾਜ ਬਣਾ ਦਿੱਤਾ ਸੀ। ਇਹ ਹਾਰ ਅਤੇ ਤਾਜ ਹੀਰੇ- ਜਵਾਹਰਾਤ ਤੋਂ ਵੀ ਕਿਤੇ ਸੋਹਣਾ ਲੱਗ ਰਿਹਾ ਸੀ।
ਉਸਨੇ ਇਹ ਤਾਜ ਆਪਣੇ ਸਿਰ 'ਤੇ ਲਾਇਆ ਅਤੇ ਹਾਰ ਗਲ਼ ਚ ਪਾ ਕੇ ਨੱਚਣ ਲੱਗ ਪਈ। ਉਸਨੂੰ ਇੰਞ ਲੱਗਾ ਕਿ ਉਸਦਾ ਰਾਜਕੁਮਾਰੀਆਂ ਵਾਂਗੂੰ ਲੱਗਣਾ ਅਤੇ ਮਹਿਸੂਸ ਕਰਵਾਉਣ ਵਾਲਾ ਰੱਬ ਹੀ ਹੈ, ਉਸਨੇ ਹੀ ਰਾਹੀ ਦੇ ਬਹਾਨੇ ਉਸਨੂੰ ਇੱਥੇ ਉਲਝਾਈ ਰੱਖਿਆ ਹੈ ਤੇ ਉਸਨੇ ਪ੍ਰਭੂ ਦੀ ਕਿਰਪਾ ਨਾਲ ਆਪਣਾ ਵੱਡਾ ਸੁਪਨਾ ਪੂਰਾ ਕਰ ਲਿਆ, ਰਾਜਕੁਮਾਰੀ ਦੀ ਤਾਜਪੋਸ਼ੀ ਵਾਜੋਂ...।
ਅਚਾਨਕ ਉੱਥੋਂ ਇੱਕ ਸਾਧੂ ਲੰਘ ਰਿਹਾ ਸੀ ਅਤੇ ਉਸਨੇ ਕੁੜੀ ਨੂੰ ਵੇਖ ਕੇ ਨਮਸਕਾਰ ਕਰਦੇ ਹੋਏ ਕਿਹਾ ਕਿ ' ਹੇ ਰਾਜਕੁਮਾਰੀ ਤੁਸੀਂ ਇਸ ਵਣ ਵਿੱਚ ਕੀ ਕਰ ਰਹੇ ਹੋ। ਤਾਂ ਉਸਨੂੰ 'ਰਾਜਕੁਮਾਰੀ' ਸੁਣ ਕੇ ਹੋਰ ਲਹਿਰ ਚੜ ਗਈ ਕਿ ਉਸਨੂੰ ਕਿਸੇ ਨੇ ਰਾਜਕੁਮਾਰੀ ਨਾਂ ਨਾਲ ਬੁਲਾਇਆ।
ਕੁੜੀ ਬੋਲੀ ਕਿ ਉਹ ਰਾਹੀ ਦਾ ਇੰਤਜ਼ਾਰ ਕਰ ਰਹੀ ਹੈ, ਜਿਸਦੀ ਪੋਟਲੀ ਰਹਿ ਗਈ ਹੈ।
ਸਾਧੂ ਨੇ ਕਿਹਾ ਕਿ ਇਹ ਪੋਟਲੀ ਕਿਸੇ ਦੀ ਨਹੀਂ ਹੈ, ਇਹ ਤਾਂ ਉਸ ਲਈ ਪ੍ਰਮਾਤਮਾ ਦੀ ਦਾਤ ਹੈ। ਜੈਸੀਕਾ ਨੇ ਕਿਹਾ ਕਿ ਉਸ ਲਈ ਇਸਦਾ ਕੋਈ ਮੋਲ ਮਤਲਬ ਨਹੀਂ ਹੈ, ਕਿਉਂਕਿ ਉਹ ਵੈਸੇ ਵੀ ਰਾਤ ਤੱਕ ਮਰਨ ਵਾਲੀ ਹੈ।
ਸਾਧੂ ਮੁਸਕੁਰਾਇਆ ਅਤੇ ਕਿਹਾ ਕਿ ਉਸਨੇ ਮਹਿਜ਼ ਇੱਕ ਸੁਪਨਾ ਵੇਖਿਆ ਹੈ ਅਤੇ ਸੁਪਨੇ ਸੱਚ ਨਹੀਂ ਹੁੰਦੇ। ਜੈਸੀਕਾ ਨੇ ਕਿਹਾ ਕਿ ਅੱਜ ਉਸ ਨਾਲ ਬੜੀ ਹੀ ਹੈਰਾਨੀਜਨਕ ਗੱਲਾਂ ਹੋ ਰਹੀਆਂ ਹਨ, ਇਸ ਲਈ ਕੁਝ ਵੀ ਝੂਠ ਨਹੀਂ ਹੈ।
ਸਾਧੂ ਫ਼ੇਰ ਹੱਸਿਆ। ਸਾਧੂ ਨੇ ਕਿਹਾ ਉਹ ਸਾਧੂ ਦੀ ਹੀ ਕਰਾਮਾਤ ਹੈ। ਉਸਨੇ ਆਪਣਾ ਅਸਲ ਰੂਪ ਧਾਰਿਆ ਅਤੇ ਇੱੱਕ ਰੁਹਾਨੀ ਨੂਰ ਰੂਪ ਵਿੱਚ ਪ੍ਰਗਟ ਹੋ ਗਿਆ।
ਜੈਸੀਕਾ ਵੇਖ ਕੇ ਹੈਰਾਨ ਹੋ ਗਈ ਅਤੇ ਪੁੱਛਣ ਲੱਗੀ ਕਿ ਉਹ ਕੌਣ ਹਨ, ਤਾਂ ਸਾਧੂ ਨੇ ਜਵਾਬ ਦਿੱਤਾ ਕਿ ਉਹ ਪਰਮਾਤਮਾ ਹੈ, ਉਸਦਾ ਵਿਸ਼ਵਾਸ ਹੈ। ਉਹ, ਉਹ ਹੈ, ਜਿਸਨੂੰ ਜੈਸੀਕਾ ਰੋਜ਼ ਯਾਦ ਕਰਦੀ ਹੈ।
ਜੈਸੀਕਾ ਨੇ ਬੜੀ ਨਿਮਰਤਾ ਤੇ ਚੰਚਲਪਨ ਵਿੱਚ ਹੱਥ ਜੋੜੇ ਤੇ ਕਿਹਾ ਕਿ ਉਹ ਚੱਲਣ ਲਈ ਤਿਆਰ ਹੈ। ਸਾਧੂ (ਰੁਹਾਨੀ ਸ਼ਕਤੀ) ਫ਼ੇਰ ਮੁਸਕੁਰਾਏ ਅਤੇ ਕਹਿਣ ਲੱਗੇ ਕਿ ਉਹ ਉਸਦੀ ਪ੍ਰੀਖਿਆ ਲੈ ਰਹੇ ਸੀ ਅਤੇ ਉਹ ਪ੍ਰੀਖਿਆ ਵਿੱਚ ਸਫ਼ਲ ਹੋ ਗਈ ਹੈ।
ਉਹਨਾਂ ਨੇ ਜੈਸੀਕਾ ਨੂੰ ਦੱਸਿਆ ਕਿ ਉਹ ਆਪਣੀ ਧਰਮ ਰਾਜ ਮਾਤਾ ਨੂੰ ਵਿਸ਼ਵਾਸ ਕਰਾਉਣਾ ਚਾਹੁੰਦੇ ਸਨ ਕਿ ਤੂੰ ਮੇਰੀ ਸੱਚੀ ਭਗਤ ਹੈਂ ਅਤੇ ਛੋਟੀ ਉਮਰ 'ਚ ਭਗਤੀ ਚੰਚਲਪਨ ਨਹੀਂ ਹੈ ਅਤੇ ਨਾ ਉਹਦੀ ਅਰਾਧਨਾ ਵਿੱਚ ਮਰਨ ਦੇ ਡਰ ਨਾਲ ਕਦੇ ਵੀ ਕੋਈ ਫ਼ਰਕ ਆਵੇਗਾ।
ਜਦੋਂ ਉਸਨੂੰ ਸੁਪਨਾ ਆਇਆ ਸੀ ਤਾਂ ਉਹ ਉਸਨੂੰ ਮੌਤ ਦੇ ਨਾਂ  ਤੋਂ ਡਰਾ ਕੇ ਪਰਖਣਾ ਚਾਹੁੰਦੇ ਸਨ। ਫ਼ੇਰ ਨਦੀ ਕਿਨਾਰੇ ਪਾਣੀ ਦੀ ਧਾਰ ਨਾਲ। ਫ਼ੇਰ ਦਰਖਤਾਂ ਦੀਆਂ ਕਰਾਮਾਤਾਂ ਅਤੇ ਕਸ਼ਮਕਸ਼ ਖੇਡ ਨਾਲ। ਫ਼ੇਰ ਸਿੱਕਿਆਂ ਦੀ ਪੋਟਲੀ ਨਾਲ ਉਸਦਾ ਮਨ ਪਰਖਣਾ ਚਾਹੁੰਦੇ ਸਨ। ਪਰ ਉਹ ਪ੍ਰੀਖਿਆ ਵਿੱਚ ਸਫ਼ਲ ਹੋਈ ਹੈ ਕਿ ਉਹ ਘਬਰਾਈ ਨਹੀਂ, ਬਲਕਿ ਆਪਣੇ ਇਸ ਦਿਨ ਨੂੰ ਪਹਿਲਾਂ ਨਾਲੋਂ ਵੀ ਵੱਧ ਖੁਸ਼ ਹੋ ਕੇ ਜਿਉਂਇਆ ਹੈ ਅਤੇ ਆਪਣਾ ਰਾਜਕੁਮਾਰੀ ਦਾ ਸੁਪਨਾ ਆਪ ਹੀ ਸੱਚ ਕੀਤਾ ਹੈ, ਖੂਬਸੂਰਤ ਦਿਲ ਦੀ ਰਾਜਕੁਮਾਰੀ। ਉਹ ਰਾਜਕੁਮਾਰੀ ਧਨ - ਦੌਲਤ ਕਰਕੇ ਨਹੀਂ, ਬਲਕਿ ਆਪਣੀ ਜਿੰਦਾ ਦਿਲੀ, ਸੱਚੇ ਸੁੱਚੇ ਦਿਲ ਕਰਕੇ ਹੈ।
ਜਾਂਦੇ ਜਾਂਦੇ ਪਰਮਾਤਮਾ ਨੇ ਜੈਸੀਕਾ ਨੂੰ ਵਰਦਾਨ ਦਿੱਤਾ ਕਿ ਉਹ ਹਮੇਸ਼ਾ ਮੁਸ਼ਕਲਾਂ ਨੂੰ ਇਵੇਂ ਹੀ ਮਾਤ ਦੇਵੇਗੀ ਅਤੇ ਸਿੱਕਿਆਂ ਦੀ ਪੋਟਲੀ ਇਨਾਮ ਵਜੋਂ ਦਿੱਤੀ ਤੇ ਕਿਹਾ ਕਿ ਇਹ ਉਸਦਾ ਖਾਸ ਦਿਨ ਸੀ, ਪਰ ਆਖਰੀ ਨਹੀਂ।
ਜੈਸੀਕਾ ਨੇ ਨਮਸਕਾਰ ਕੀਤਾ ਤੇ ਆਪਣੇ ਘਰ ਆ ਗਈ।
ਜੈਸੀਕਾ ਨੇ ਨਮਸਕਾਰ ਕੀਤਾ ਤੇ ਆਪਣੇ ਘਰ ਆ ਗਈ।
ਜੈਸੀਕਾ ਨੂੰ ਜਿੰਦਗੀ ਦਾ ਆਖਰੀ ਦਿਨ ਹਮੇਸ਼ਾ ਉਸਨੂੰ ਜਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਲੱਗਦਾ ਹੈ।

ਸੁਗਮ ਬਡਿਆਲ🌻

November 28, 2021

Manzil De Ishq ਮੰਜ਼ਿਲ ਦੇ ਇਸ਼ਕ਼

 

ਮੰਜ਼ਿਲਾਂ ਦੇ ਇਸ਼ਕ ਮੰਜਿਲਾਂ ਨਾਲ ਹੀ
ਖਤਮ ਹੋ ਜਾਇਆ ਕਰਦੇ ਨੇ,

ਜਾਣਦਿਆਂ ਪਛਾਣਦਿਆਂ ਰਾਹਾਂ ਦਾ
ਸਫ਼ਰ ਕੁਝ ਖਾਸ ਨਹੀ,

ਬੁੱਲੀਆਂ ਦੇ ਹਾਸਿਆਂ ਦੀ
ਦੰਦਾਂ ਵਗੈਰ ਵੀ ਕੀ ਪਛਾਣ ਹੁੰਦੀ,

ਜੇ ਰੁੱਤਾਂ ਇੱਕ ਜਿਹੀਆਂ ਹੁੰਦੀਆਂ
ਤਾਂ ਮੌਸਮਾਂ ਨੂੰ ਵੇਖਣ ਦੀ
ਖਵਾਹਿਸ਼ ਏ ਦੀਦ ਨਾ ਹੁੰਦੀ,

ਸੁਹਾਵਣੇ ਇੱਕ ਤੋਂ ਇੱਕ ਵਾਰ ਨਾ ਹੁੰਦੇ
ਗੁੱਝੀ ਕਾਇਨਾਤ ਦੇ ਜੇ ਰਾਜ਼ ਨਾ ਹੁੰਦੇ,

ਜੇ ਕਿਸਮਤ ਤੋਂ ਇਤਫ਼ਾਕ ਰੱਖਦੇ ਹੁੰਦੇ
ਮਿਲਦਿਆਂ ਵਿਛੜਦਿਆਂ ਦਾ
ਅਰਥ ਨਾ ਹੁੰਦਾ,

ਜੇ ਦੋ ਅਹਿਸਾਸਾਂ ਦਾ ਹੁੰਦਾ ਸੰਗਮ ਨਾ
ਦੋ ਪਹਿਲੂਆਂ ਦੀ ਜ਼ਿੰਦਗੀ ਏ
ਸਮਝਣ ਨੂੰ ਫਰਕ ਨਾ ਹੁੰਦਾ,

ਖੁਦਾ ਤੇਰੇ ਸਾਡੇ ਤੋਂ ਜੇ ਕੋਈ ਰਾਜ ਨਾ ਹੁੰਦੇ,
ਕਾਹਦਾ ਫ਼ੇਰ ਤੇਰੇ ਤੋਂ ਰੁੱਸਣਾ ਮੰਨੋਣਾ ਹੁੰਦਾ,

ਜੇ ਪਹਿਲਾਂ ਹੀ ਮਿਲ ਜਾਂਦੇ ਧਰਤ ਅਸਮਾਨ
ਫ਼ੇਰ ਕਾਹਦੇ 'ਹਿਜ਼ਰ' ਉੱਤੇ ਲਿਖੇ
ਵਾਕ, ਅਲਫ਼ਾਜ਼ ਨਾ ਹੁੰਦੇ,

ਜੋ ਕੋਈ ਅਧੂਰਾ ਲਫ਼ਜ਼ ਨਾ ਹੁੰਦਾ
ਕਾਹਨੂੰ ਪਰੋਣੇ ਸੀ ਬੈਠ ਰੋਜ਼
ਤੇਰੇ ਬਾਰੇ ਸੋਚਾਂ ਦੇ ਮਣਕੇ,

ਜੇ ਮਿਲਣਾ ਵਿਛੜਨਾ ਨਾ ਹੁੰਦਾ
ਕਾਹਦੇ ਫ਼ੇਰ ਸੋਹਣੇ ਜ਼ਿੰਦਗੀ ਦੇ ਇਤਫ਼ਾਕ ਹੁੰਦੇ,

ਕਿਸਨੂੰ ਕਹਿੰਦੇ ਰੂਹ ਦੇ ਹਾਣੀ
ਜੇ ਚੱਲਦੇ ਫਿਰਦੇ ਜਣੇ ਖਣੇ ਨਾਲ ਮੇਲ਼ ਹੁੰਦੇ,

ਕਿਉਂ ਮੰਜ਼ਿਲ ਤੇ ਵਧਣ ਦੀ ਫ਼ੇਰ ਚਾਹਅ ਹੁੰਦੀ
ਜੇ ਮੈਂ ਮੰਜ਼ਿਲ ਹੁੰਦੀ ਤੇ ਮੈਂ ਹੀ ਰਾਹ ਹੁੰਦੀ,

ਸੁਗਮ ਬਡਿਆਲ✨

ਕਣ ਕਣ ਏਕ ਓਅੰਕਾਰ' Kan kan Ek Onkaar

 ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'


ਸੁਗਮ ਬਡਿਆਲ

June 18, 2020

ਮੈਂ Main

_ਓਹਦੇ ਤੇ ਮਰ ਮਿਟਣ ਦੀ ਚਾਹ ਨੇ ਉਸਨੂੰ ਉਸਦੇ ਆਪਣੇ ਵਜੂਦ ਤੋਂ ਨਿਲੰਬਤ ਕਰ ਦਿੱਤਾ। 

ਰਹੇ ਜਮਾਨੇ ਵਿੱਚ ਉਰਮਲ ਇੱਕ ਚੰਗੀ ਹੋਣ-ਹਾਰ ਵਰਕਿੰਗ ਵੂਮਨ ਸੀ। ਉਸਨੂੰ ਆਪਣੇ ਤੇ ਗਰਵ ਸੀ ਕਿ ਉਹ ਆਪਣੀ ਜ਼ਰੂਰਤਾਂ ਲਈ ਨਾ ਆਪਣੇ ਮਾਪਿਆਂ ਅੱਗੇ ਅਤੇ ਨਾ ਕਿਸੇ ਹੋਰ ਅੱਗੇ ਹੱਥ ਅੱਡਦੀ ਹੈ। ਗਰਵ ਦੇ ਪਾਤਰ ਓਹਦੇ ਮਾਪੇ ਸਨ ਜਿਨ੍ਹਾਂ ਨੇ ਉਸ ਨੂੰ ਹਰ ਚੀਜ਼, ਆਪਣੇ ਤਰੀਕੇ ਨਾਲ ਜਿਉਂਣ ਦੀ ਆਜ਼ਾਦੀ ਦਿੱਤੀ। ਤੇ ਮਾਪਿਆਂ ਤੇ ਵੀ ਗਰਵ ਸੀ ਕਿ ਉਸ ਨੂੰ ਉਨ੍ਹਾਂ ਵਲੋਂ ਪੁੱਤਰਾਂ ਤੋਂ ਵੀ ਵਧੇਰੇ ਪਿਆਰ ਮਿਲਿਆ ਸੀ ਤੇ ਕਦੇ ਵੀ ਕੋਈ ਬੰਦਿਸ਼ ਵਿੱਚ ਨਹੀਂ ਰੱਖਿਆ।

ਕਹਿੰਦੇ ਹਨ ਕਿ ਜਿੰਦਗੀ ਨੂੰ ਢੋਹਣਾ ਅਤੇ ਢਾਹੁਣਾ ਸਾਡੇ ਹੱਥਾਂ ਦੀ ਲੀਕਾਂ ਤੋਂ ਵਧ ਆਪਣੇ ਹੱਥਾਂ 'ਚ ਹੁੰਦਾ ਹੈ। ਅੱਜ ਨੂੰ ਅਣਦੇਖਿਆਂ ਕਰਕੇ ਅਗਰ ਥੋੜਾ ਹੋਰ ਦੀ ਲਾਲਸਾ ਵਿੱਚ ਰਹੀਏ ਤਾਂ ਪੱਲੇ ਪਈ ਚੰਗੀ ਭਲੀ ਦੁਨੀਆਂ ਵੀ ਵੀਰਾਨ ਹੋ ਸਕਦੀ ਹੈ। 

ਉਰਮਲ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਮੈਅ ਪੈਦਾ ਹੋਏ ਨਹੀਂ ਦਿੱਸ ਰਹੀ ਸੀ- ਪੈਸੇ ਦੀ ਮੈਂ। ਉਸਨੇ ਆਪਣੇ ਹਾਣ ਪੑਮਾਣ ਦੇ ਮੇਲ ਮਿਲਾਪ ਵਿੱਚੋਂ ਇੱਕ ਹੀ ਚੀਜ਼ ਦੇਖਣੀ ਸ਼ੁਰੂ ਕਰ ਦਿੱਤੀ - ਪੈਸਾ। ਬੇਸ਼ਕ ਉਸ ਦੇ ਕੰਮ ਲਈ ਉਸਨੂੰ ਲੋਕਾਂ ਤੋਂ ਤਾਰੀਫ਼ ਮਿਲਦੀ ਰਹੀ, ਪਰ ਉਸ ਦੀ 'ਹੋਰ' ਦੀ ਚਾਹ ਨੇ ਉਸਨੂੰ ਹੌਲੀ ਹੌਲੀ ਆਪਣੇ ਦੋਸਤਾਂ ਮਿੱਤਰਾਂ ਤੋਂ ਦੂਰ ਕਰ ਦਿੱਤਾ। 

ਮਾਪਿਆਂ ਨੂੰ ਆਪਣੇ ਆਪ ਤੇ ਗਰਵ ਸੀ ਕਿ ਉਹ ਆਪਣੇ ਫੈਸਲੇ ਅਾਪ ਤੇ ਸਮਝਦਾਰੀ ਨਾਲ ਲੈਂਦੀ ਹੈ ਪਰ ਨਹੀਂ ਪਤਾ ਸੀ ਕਿ ਉਹ ਅਜ਼ਾਦੀ ਦਾ ਕੱਪੜਾ ਵਿਚਕਾਰੋਂ ਪਾੜ ਕੇ ਅੱਗੇ ਲੰਘ ਜਾਵੇਗੀ। 

ਸ਼ਾਇਦ ਪੈਸਾ, ਰੁਤਬਾ ਇਨਸਾਨ ਨੂੰ ਸਮਝਦਾਰ ਤੋਂ ਬੁਜ ਦਿਮਾਗ ਬਣਾ ਦਿੰਦਾ ਹੈ।
ਉਹ ਸ਼ਾਇਦ ਚੰਗੀ ਵਰਕਿੰਗ ਵੂਮਨ ਬਣ ਸਕਦੀ ਸੀ।ਸ਼ੋਟਕਟ ਜਾਂ ਫ਼ੇਰ ਜਿੰਦਗੀ ਨੂੰ ਦੂਜੇ ਦੇ ਸਹਾਰੇ ਜਿਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਸਾਬਿਤ ਹੀ ਨਾ ਕਰ ਪਾਈ।

ਉਸਨੇ ਚੰਗੇ ਰੱਜੇ ਪੁੱਜੇ ਬਿਜਨਸ ਮੈਨ ਵਿਆਹ ਕਰਵਾ ਲਿਆ ਪਰ ਵਿਆਹ ਸਕਸੈਸਫੁਲ ਨਾ ਰਿਹਾ ਤੇ ਛੇਤੀ ਹੀ ਵੱਖ ਹੋ ਗਏ। ਉਸਦੇ 'ਮੈਂ' ਨੇ ਉਸਨੂੰ ਆਪਣੇ ਆਪ ਤੇ ਗਰਵ ਮਹਿਸੂਸ ਕਰਨ ਦਾ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਕਿਸ ਹੱਦ ਤੱਕ ਕਾਬਿਲ ਜਾ ਨਾ ਕਾਬਿਲ ਰਹੀ। ਜੇ ਡਿੱਗ ਕੇ ਵੀ ਚੱਲਣ ਦੀ ਜਾਂਚ ਨਾ ਆਏ ਤਾਂ ਫ਼ੇਰ ਤਾਂ ਰੱਬ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੇ। 

ਤੇ ਫ਼ੇਰ ਹੁਸਨ ਜਵਾਨੀ ਵੇਲੇ ਦਾ ਜੋਸ਼, ਗਰਮ ਖੂਨ ਜਿੰਦਗੀ ਦਾ ਸੂਰਜ ਢਲਣ ਦੇ ਵੇਲੇ ਹੀ ਹੋਸ਼ ਵਿੱਚ ਆਉਂਦਾ ਤੇ ਠੰਡਾ ਹੁੰਦਾ ਹੈ। 

ਆਪਣੇ ਅਤੀਤ ਦੇ ਪਰਛਾਵੇਂ ਹੇਠ ਹੀ ਜਿੰਦਗੀ ਦਾ ਸੂਰਜ ਅਸਤ ਹੋ ਜਾਂਦਾ ਹੈ। ਤੇ ਉਹ ਵਕਤ ਹੁੰਦਾ ਹੈ ਜਦੋਂ ਆਪਣੇ ਵਜੂਦ ਦਾ ਘਾਣ ਆਪਣੇ ਹੱਥੀ ਕਰਕੇ ਹੰਝੂ ਵੀ ਅੱਖਾਂ ਉੱਤੇ ਆਏ ਅਤੇ ਉਹ ਮੁੜੇ ਵੀ ਨਾ। 


ਸੁਗਮ ਬਡਿਆਲ

June 11, 2020

ਇਸ਼ਕ ਵਿਚਾਲੇ Ishq Vichaale

ਦਰਮਿਆਨੇ ਇਸ਼ਕ ਦੀ ਵਾਟ
ਨਾ ਜਾਈਂ ਵਿੱਚ ਰਾਹੇ ਛੱਡ ਕੇ,

ਜੇ ਵਕਤ ਬਦਲਿਆ ਫ਼ੇਰ
ਅਸੀਂ ਆਉਣ ਨੀਂ ਦੇਣਾ
ਇਸ ਪਾਰ ਦਹਲੀਜ਼ ਦੇ,


ਸੁਗਮ ਬਡਿਆਲ🌼

June 06, 2020

ਆਜਿਜ਼ ਨਹੀਂ ਤੇਰੇ ਵਾਜੋਂ Ajij Nahi Tere Waajo

ਹਿਜ਼ਰ ਵਿੱਚ ਸੜਨਾ ਮਨਜ਼ੂਰ ਨਹੀਂ,
ਐਸੇ ਇਸ਼ਕ ਦੀ ਅੱਗ ਵੀ ਕੈਸੀ,
ਕਿ ਸ਼ਬ ਕਾਲੀਆਂ
ਅਤੇ ਆਪਣੀ ਅੱਖ ਦੇ ਪਾਣੀ ਦੀ
ਤੌਹੀਨ ਕਰ ਲਵਾਂ,
ਐਸਾ ਵੀ ਨਹੀਂ ਕਿ ਆਜ਼ਾਰ ਨਹੀਂ
ਦਿਲ ਟੁੱਟਣ ਦਾ,
ਪਰ ਆਜਿਜ਼ ਨਹੀਂ ਤੇਰੇ ਬਾਜੋਂ,


ਸੁਗਮ ਬਡਿਆਲ

May 25, 2020

...ਮੈਂ! Main

_ਓਹਦੇ ਤੇ ਮਰ ਮਿਟਣ ਦੀ ਚਾਹ ਨੇ ਉਸਨੂੰ ਉਸਦੇ ਆਪਣੇ ਵਜੂਦ ਤੋਂ ਨਿਲੰਬਤ ਕਰ ਦਿੱਤਾ। 

ਰਹੇ ਜਮਾਨੇ ਵਿੱਚ ਉਰਮਲ ਇੱਕ ਚੰਗੀ ਹੋਣ-ਹਾਰ ਵਰਕਿੰਗ ਵੂਮਨ ਸੀ। ਉਸਨੂੰ ਆਪਣੇ ਤੇ ਗਰਵ ਸੀ ਕਿ ਉਹ ਆਪਣੀ ਜ਼ਰੂਰਤਾਂ ਲਈ ਨਾ ਆਪਣੇ ਮਾਪਿਆਂ ਅੱਗੇ ਅਤੇ ਨਾ ਕਿਸੇ ਹੋਰ ਅੱਗੇ ਹੱਥ ਅੱਡਦੀ ਹੈ। ਗਰਵ ਦੇ ਪਾਤਰ ਓਹਦੇ ਮਾਪੇ ਸਨ ਜਿਨ੍ਹਾਂ ਨੇ ਉਸ ਨੂੰ ਹਰ ਚੀਜ਼, ਆਪਣੇ ਤਰੀਕੇ ਨਾਲ ਜਿਉਂਣ ਦੀ ਆਜ਼ਾਦੀ ਦਿੱਤੀ। ਤੇ ਮਾਪਿਆਂ ਤੇ ਵੀ ਗਰਵ ਸੀ ਕਿ ਉਸ ਨੂੰ ਉਨ੍ਹਾਂ ਵਲੋਂ ਪੁੱਤਰਾਂ ਤੋਂ ਵੀ ਵਧੇਰੇ ਪਿਆਰ ਮਿਲਿਆ ਸੀ ਤੇ ਕਦੇ ਵੀ ਕੋਈ ਬੰਦਿਸ਼ ਵਿੱਚ ਨਹੀਂ ਰੱਖਿਆ।

ਕਹਿੰਦੇ ਹਨ ਕਿ ਜਿੰਦਗੀ ਨੂੰ ਢੋਹਣਾ ਅਤੇ ਢਾਹੁਣਾ ਸਾਡੇ ਹੱਥਾਂ ਦੀ ਲੀਕਾਂ ਤੋਂ ਵਧ ਆਪਣੇ ਹੱਥਾਂ 'ਚ ਹੁੰਦਾ ਹੈ। ਅੱਜ ਨੂੰ ਅਣਦੇਖਿਆਂ ਕਰਕੇ ਅਗਰ ਥੋੜਾ ਹੋਰ ਦੀ ਲਾਲਸਾ ਵਿੱਚ ਰਹੀਏ ਤਾਂ ਪੱਲੇ ਪਈ ਚੰਗੀ ਭਲੀ ਦੁਨੀਆਂ ਵੀ ਵੀਰਾਨ ਹੋ ਸਕਦੀ ਹੈ। 
ਉਰਮਲ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਮੈਅ ਪੈਦਾ ਹੋਏ ਨਹੀਂ ਦਿੱਸ ਰਹੀ ਸੀ- ਪੈਸੇ ਦੀ ਮੈਂ। ਉਸਨੇ ਆਪਣੇ ਹਾਣ ਪੑਮਾਣ ਦੇ ਮੇਲ ਮਿਲਾਪ ਵਿੱਚੋਂ ਇੱਕ ਹੀ ਚੀਜ਼ ਦੇਖਣੀ ਸ਼ੁਰੂ ਕਰ ਦਿੱਤੀ - ਪੈਸਾ। ਬੇਸ਼ਕ ਉਸ ਦੇ ਕੰਮ ਲਈ ਉਸਨੂੰ ਲੋਕਾਂ ਤੋਂ ਤਾਰੀਫ਼ ਮਿਲਦੀ ਰਹੀ, ਪਰ ਉਸ ਦੀ 'ਹੋਰ' ਦੀ ਚਾਹ ਨੇ ਉਸਨੂੰ ਹੌਲੀ ਹੌਲੀ ਆਪਣੇ ਦੋਸਤਾਂ ਮਿੱਤਰਾਂ ਤੋਂ ਦੂਰ ਕਰ ਦਿੱਤਾ। 
ਮਾਪਿਆਂ ਨੂੰ ਆਪਣੇ ਆਪ ਤੇ ਗਰਵ ਸੀ ਕਿ ਉਹ ਆਪਣੇ ਫੈਸਲੇ ਅਾਪ ਤੇ ਸਮਝਦਾਰੀ ਨਾਲ ਲੈਂਦੀ ਹੈ ਪਰ ਨਹੀਂ ਪਤਾ ਸੀ ਕਿ ਉਹ ਅਜ਼ਾਦੀ ਦਾ ਕੱਪੜਾ ਵਿਚਕਾਰੋਂ ਪਾੜ ਕੇ ਅੱਗੇ ਲੰਘ ਜਾਵੇਗੀ। 
ਸ਼ਾਇਦ ਪੈਸਾ, ਰੁਤਬਾ ਇਨਸਾਨ ਨੂੰ ਸਮਝਦਾਰ ਤੋਂ ਬੁਜ ਦਿਮਾਗ ਬਣਾ ਦਿੰਦਾ ਹੈ।
ਉਹ ਸ਼ਾਇਦ ਚੰਗੀ ਵਰਕਿੰਗ ਵੂਮਨ ਬਣ ਸਕਦੀ ਸੀ।ਸ਼ੋਟਕਟ ਜਾਂ ਫ਼ੇਰ ਜਿੰਦਗੀ ਨੂੰ ਦੂਜੇ ਦੇ ਸਹਾਰੇ ਜਿਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਸਾਬਿਤ ਹੀ ਨਾ ਕਰ ਪਾਈ।

ਉਸਨੇ ਚੰਗੇ ਰੱਜੇ ਪੁੱਜੇ ਬਿਜਨਸ ਮੈਨ ਵਿਆਹ ਕਰਵਾ ਲਿਆ ਪਰ ਵਿਆਹ ਸਕਸੈਸਫੁਲ ਨਾ ਰਿਹਾ ਤੇ ਛੇਤੀ ਹੀ ਵੱਖ ਹੋ ਗਏ। ਉਸਦੇ 'ਮੈਂ' ਨੇ ਉਸਨੂੰ ਆਪਣੇ ਆਪ ਤੇ ਗਰਵ ਮਹਿਸੂਸ ਕਰਨ ਦਾ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਕਿਸ ਹੱਦ ਤੱਕ ਕਾਬਿਲ ਜਾ ਨਾ ਕਾਬਿਲ ਰਹੀ। ਜੇ ਡਿੱਗ ਕੇ ਵੀ ਚੱਲਣ ਦੀ ਜਾਂਚ ਨਾ ਆਏ ਤਾਂ ਫ਼ੇਰ ਤਾਂ ਰੱਬ ਜਾਂ ਕਿਸਮਤ ਵੀ ਕੁਝ ਨਹੀਂ ਕਰ ਸਕਦੇ। 

ਤੇ ਫ਼ੇਰ ਹੁਸਨ ਜਵਾਨੀ ਵੇਲੇ ਦਾ ਜੋਸ਼, ਗਰਮ ਖੂਨ ਜਿੰਦਗੀ ਦਾ ਸੂਰਜ ਢਲਣ ਦੇ ਵੇਲੇ ਹੀ ਹੋਸ਼ ਵਿੱਚ ਆਉਂਦਾ ਤੇ ਠੰਡਾ ਹੁੰਦਾ ਹੈ। 

ਆਪਣੇ ਅਤੀਤ ਦੇ ਪਰਛਾਵੇਂ ਹੇਠ ਹੀ ਜਿੰਦਗੀ ਦਾ ਸੂਰਜ ਅਸਤ ਹੋ ਜਾਂਦਾ ਹੈ। ਤੇ ਉਹ ਵਕਤ ਹੁੰਦਾ ਹੈ ਜਦੋਂ ਆਪਣੇ ਵਜੂਦ ਦਾ ਘਾਣ ਆਪਣੇ ਹੱਥੀ ਕਰਕੇ ਹੰਝੂ ਵੀ ਅੱਖਾਂ ਉੱਤੇ ਆਏ ਅਤੇ ਉਹ ਮੁੜੇ ਵੀ ਨਾ। 


ਕਾਗਜ਼ ਉੱਤੇ ਭੱਵਿਖ Kagaz Utte Bhawikh




ਅਚਾਨਕ ਹਾਹਾਕਾਰ ਮੱਚ ਗਈ। ਕੀ ਹੋਇਆ? ਸਭ ਦੀ ਜੁਬਾਨ ਤੇ ਪੑਸ਼ਨ ਸੀ। ਜਿਸ ਸਰੋਤ ਤੋਂ ਸ਼ਾਇਦ ਪਤਾ ਲੱਗਣਾ ਸੀ - ਅਖਬਾਰ, ਸਰੋਤਿਆਂ ਤਕ ਪੁੱਜਿਆ ਹੀ ਨਹੀਂ ਸੀ। ਅਖਵਾਰ, ਪਿੑਟਿੰਗ ਪਰੈੱਸਾਂ ਕਾਗਜ਼ ਦੀ ਸਪਲਾਈ ਨਾ ਹੋਣ ਕਰਕੇ ਦੋ ਦਿਨਾਂ ਤੋਂ ਬੰਦ ਸਨ।

ਐਜੁਕੇਸ਼ਨ ਸਿਸਟਮ ਰੁਕ ਗਿਆ ਸੀ। ਕਾਗਜ਼ ਦਾ ਪੑਭਾਵ ਬੱਚਿਆਂ ਦੇ ਭੱਵਿਖ ਤੇ ਪੈਂਦਾ ਨਜ਼ਰ ਆਉਣ ਲੱਗ ਪਿਆ ਸੀ। ਆਰਟਿਸਟਾਂ ਦੇ ਰੋਜਗਾਰ ਖਤਮ ਹੁੰਦੇ ਨਜ਼ਰ ਆ ਰਹੇ ਸਨ। ਸਰਕਾਰ ਦੇ ਕਾਗਜ਼ੀ ਕਾਰਵਾਈਆਂ ਰੁਕ ਗਈਆਂ। ਬੈਂਕਾਂ, ਦਫਤਰਾਂ, ਮਿਉਂਸੀਪਲ ਕਮੇਟੀ ਦਫਤਰ 'ਚ ਆਖਰੀ ਕਾਗਜ਼ ਤੋਂ ਬਾਦ ਠੱਪ ਹੋ ਗਿਆ। ਬੈਂਕ ਤੇ ਸਰਕਾਰੀ ਦਫਤਰਾਂ ਦੇ ਬਾਹਰ ਲੋਕਾਂ ਦੀ ਆਪਣੇ ਅਧੂਰੇ ਕੰਮ ਪੂਰੇ ਕਰਵਾਉਂਣ ਲਈ ਲੱਗੀਆਂ ਕਤਾਰਾਂ ਹੋਰ ਲੰਮੀਆਂ ਹੋ ਰਹੀਆਂ ਸਨ। 

ਇਹ ਕੀ ਹੋ ਰਿਹਾ ਸੀ? ਕਿਸ ਕਾਰਣ ਹੋ ਰਿਹਾ ਸੀ? ਅਣਜਾਣ ਬਣ ਕੇ ਪੁੱਛ ਰਹੇ ਸਨ। ਕਾਗਜ਼ ਲਈ ਆਖਰੀ ਟਰੱਕ ਵੀ ਲੁੱਟ ਲਿਆ ਗਿਆ ਸੀ। ਲੋਕ ਕਾਗਜ਼ ਨੂੰ ਸੋਨੇ ਨਾਲੋਂ ਵੀ ਮਹਿੰਗੇ ਮੁੱਲ ਤੇ ਵੇਚਣ ਤੇ ਖਰੀਦਣ ਲਈ ਤਿਆਰ ਸਨ। ਸਮਾਂ ਬੀਤ ਰਿਹਾ ਸੀ ਅਤੇ ਹੁਣ ਕਾਗਜ਼ ਬਲੈਕ ਵਿੱਚ ਵੀ ਵੇਚਣ ਨੂੰ ਕੋਈ ਤਿਆਰ ਨਹੀਂ ਸੀ, ਕਿਉਂਕਿ ਸਪਲਾਇਰ ਨੂੰ ਆਪਣੇ ਲਈ ਵੀ ਚਾਹੀਦਾ ਸੀ। 

ਜਿਸ ਚੀਜ਼ ਦੇ ਵੱਟੇ ਕਾਗਜ਼ ਜਾਂ ਕੋਈ ਵੀ ਹੋਰ ਚੀਜ਼ ਲੈਣੀ ਸੀ, ਉਸ ਦੀ (ਨੋਟਾਂ ਦੇ) ਛਪਾਈ ਕਾਗਜ਼ ਨਾ ਹੋਣ ਕਾਰਣ ਰੁਕ ਗਈ ਸੀ। 
ਹੁਣ ਮਸਲਾ ਇਹ ਖੜਾ ਹੋ ਗਿਆ ਹੈ ਕਿ ਆਖਿਰ ਕਾਗਜ਼
ਕਿਉਂ ਨਹੀਂ ਆ ਰਿਹਾ ਹੈ। ਇਹ ਮਸਲੇ ਸਾਡੇ ਆਪ ਖੜੇ ਕੀਤੇ ਹੋਏ ਸਨ।

ਕਿਸੇ ਬਜ਼ੁਰਗ ਨੇ ਆਪਸ 'ਚ ਗੱਲ ਬਾਤ ਕਰਦੇ ਪੁੱਛਿਆ ਕਿ ਤੁਹਾਡੇ ਘਰ ਕਿੰਨੇ ਪੇੜ ਪੌਦੇ ਹਨ? ਤਾਂ ਸਾਹਮਣੇ ਖੜੇ ਬੰਦੇ ਨੇ ਜੁਆਬ ਦਿੱਤਾ "ਇੱਕ ਹੈ, ਪਰ ਹਾਲੇ ਛੋਟਾ ਹੈ।"

"ਫ਼ੇਰ ਤੁਹਾਨੂੰ ਸਰਟੀਫਿਕੇਟ ਮਿਲਣ ਨੂੰ ਸਮਾਂ ਲੱਗੇਗਾ" ਬਜ਼ੁਰਗ ਨੇ ਵਿਅੰਗ ਕੱਸਦੇ ਹੋਏ ਕਿਹਾ। "ਕਿਉਂ? " ਵਿਅਕਤੀ ਨੇ ਪੁੱਛਿਆ। 'ਇਸ ਗੱਲ ਦਾ ਸਰਟੀਫਿਕੇਟ ਨਾਲ ਕੀ ਮਤਲਬ? ' ਮੂੰਹ 'ਚ ਬੁੜਬੁੜਾਉਂਦੇ ਹੋਏ ਵਿਅਕਤੀ ਨੇ ਕਿਹਾ 'ਸ਼ੁਦਾਈ ਲੱਗਦਾ ਹੈ' ਤੇ ਮੂੰਹ ਦੂਜੇ ਪਾਸੇ ਕਰ ਲਿਆ। 

ਜੋ ਗੱਲ ਉਸਦੇ ਸਮਝ ਨਾ ਆਈ, ਉਹ ਇੱਕ ਸੱਚੀ ਗੱਲ ਸੀ।

ਦਰਖਤ ਤਾਂ ਅਸੀਂ ਕਦੇ ਲਗਾਏ ਨਹੀਂ। ਜੇ ਕਿਸੇ ਵਿਅਕਤੀ ਨੇ ਇਸ ਦੀ ਅਹਮੀਅਤ ਦੇ ਮੱਦੇਨਜ਼ਰ ਲਗਾਏ ਸਨ, ਉਹ ਅਸੀਂ ਰਹਿਣ ਨਹੀਂ ਦਿੱਤੇ। ਸਾਨੂੰ ਆਪਣੇ ਘਰਾਂ ਲਈ ਚੰਗਾ ਫਰਨੀਚਰ ਚਾਹੀਦਾ ਹੈ, ਅੱਗ ਵਾਲਣ ਲਈ ਲੱਕੜਾਂ ਵੀ ਚਾਹੀਦੀਆਂ ਹਨ, ਫ਼ੇਰ ਪੜੵਨ ਲਿਖਣ ਲਈ ਕਾਪੀਆਂ ਕਿਤਾਬਾਂ, ਅਖਬਾਰਾਂ ਵੀ ਚਾਹੀਦੀਆਂ ਹਨ। ਪਰ ਸਾਡੇ ਘਰ ਵਿੱਚ ਇੱਕ ਵੀ ਦਰਖਤ ਲਈ ਥਾਂ ਨਹੀਂ ਹੈ। 

ਉਹ ਦਿਨ ਦੂਰ ਨਹੀਂ, ਜਦੋਂ ਸਿਰਫ਼ ਸਦੀਆਂ ਤੱਕ ਫੇਰ ਦਰਖਤਾਂ ਦੇ ਵੱਡੇ ਹੋਣ ਦਾ ਇੰਤਜ਼ਾਰ ਕਰਨਾ ਪਏਗਾ ਤੇ ਕਾਗਜ਼ ਪੑਾਪਤੀ ਦਾ ਵੀ। 
ਸ਼ਾਇਦ ਇਹ ਭੱਵਿਖ ਨਾ ਹੀ ਹੋਏ, ਜੇਕਰ ਹੋਇਆ ਤਾਂ ਅਸੀਂ ਵਿਕਾਸ ਦੀ ਉਸ ਸਿਖਰ ਤੋਂ ਨੀਚੇ ਡਿੱਗਾਂਗੇ, ਜਿੱਥੋਂ ਵਾਪਸ ਉੱਪਰ ਜਾਣ ਵਿੱਚ ਫੇਰ ਸਦੀਆਂ ਲੱਗ ਜਾਣ। 

ਸੋਚ ਕੇ ਦੇਖੋ ਕਿ ਜੇ ਅੱਜ ਤੋਂ ਪੰਜ ਦੱਸ ਸਾਲਾਂ ਬਾਦ ਅਚਾਨਕ ਕਾਗਜ਼ ਲਈ ਹਾਹਾਕਾਰ ਮੱਚੀ, ਤਾਂ ਤੁਹਾਡੇ ਕਿਹੜੇ ਕੰਮ ਅਧੂਰੇ ਰਹਿ ਜਾਣਗੇ? ਜਰੂਰ ਸੋਚੋ।



ਸੁਗਮ ਬਡਿਆਲ 🌼

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...