July 24, 2022

Raah di kismat

 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .


ਹਰ ਰਾਹ ਦੀ ਕਿਸਮਤ

ਹਰ ਰਾਹ ਤੋਂ ਹਰ ਕੋਈ

ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ

ਧਰਤ ਨਹੀਂ ਖੰਗਾਲਦਾ,

ਬਿਨ ਪਾਣੀ ਦੇ ਤਪਦੀ

ਮਿੱਟੀ ਰੇਤ ਹੁੰਦੀ,

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ

ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ,

ਸ਼ਾਹ ਕਾਲੇ ਹਨ੍ਹੇਰ ਬਣ ਆਵਣ,

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ

Ehsaas

 ਕੁਝ ਕਿਸੇ ਵਕਤ ਦੇ ਅਹਿਸਾਸ ਐਸੇ ਹੁੰਦੇ ਨੇ ਕਿ ਭਾਵੇਂ ਉਹ ਅਹਿਸਾਸ ਪੂਰੀ ਤਰ੍ਹਾਂ ਇੱਕ ਧਾਗੇ ਵਿੱਚ ਪਰੋ ਕੇ ਰਾਣੀ ਹਾਰ ਨਾ ਬਣਨ, ਪਰ ਉਸ ਵੇਲੇ ਅਧੂਰੇ ਰਹਿ ਕੇ ਵੀ ਦਿਲ ਵਿੱਚ ਸੋਹਣੀ ਕਲਾ ਵਰਤਾਉਂਦੇ ਰਹਿੰਦੇ ਹਨ, ਅਹਿਸਾਸਾਂ ਦੇ ਧੁੰਦ ਵਿੱਚ ਲੁੱਕ ਜਾਣ ਤੱਕ।


ਸੁਗਮ ਬਡਿਆਲ

Mere andar da brehmand

 ਮੈਂ ਉਹ ਹਾਂ, ਜੋ ਮੈਂ ਕਦੇ ਮੇਰੇ ਅੰਦਰ

ਵੜ ਲੱਭਿਆ ਈ ਨੀ,

ਗਹਿਰੀ ਚੁੱਪ 'ਚ

ਕਿਸੇ ਪੂਰੇ ਫਕੀਰ ਦੀ ਕੀਤੀ ਤਪੱਸਿਆ,

ਉਮਰਾਂ ਦੇ ਘਾਹ ਦੀ ਚੋਟੀ ਉੱਤੇ

ਇੱਕ ਸਧਾਰਨ ਜਿਹੀ ਸਮਾਧ,


ਇੱਕ ਅਸੀਮ ਚੁੱਪ ਵਿੱਚ

ਕਿਸੇ ਅਕੱਥ ਬ੍ਰਹਿਮੰਡ ਦੀ ਸ਼ਰਾਰਤ,

ਬੰਦ ਅੱਖਾਂ ਅੰਦਰ ਦਾ ਬ੍ਰਹਿਮੰਡ

ਇਸ ਦੁਨੀਆਂ ਦੇ ਅਹਿਸਾਸਾਂ ਤੋਂ ਵੀ

ਸ਼ਕਤੀਮਾਨ ਦਿਖੇ।


ਸੁਗਮ ਬਡਿਆਲ °•


Kismat

 ਗਰਮ ਹਵਾਵਾਂ ਦੇ ਮਿਜਾਜ਼ ਨੇ

ਨਮ ਅੱਖਾਂ 'ਚ ਕੁਝ ਲੋਕ ਜੋ ਖਾਬ ਨੇ,

ਪਤਾ ਏ ਕਿਸਮਤ ਦੀ ਮਾਰ ਏ

ਲੇਖ ਗੁੱਸੇ ਤੋਂ ਬਾਹਰ ਨੇ।

ਫ਼ੇਰ ਵੀ ਤਰਸ ਜੇ ਕਰੇ ਰੱਬ ਮੇਰਾ

ਤਰਸ ਯੋਗ ਬਣਾਈ ਜਾਂਦਾ ਤੂੰ ਅਸਾਰ ਏ।


ਸੁਗਮ ਬਡਿਆਲ🌻 .

Je Gulaab hunde

 

ਕਾਸ਼! ਮੈਂ ਗੁਲਾਬ ਹੁੰਦੀ,

ਬਗੀਚੇ ਤੇਰਿਆਂ 'ਚ

ਤੇਰੇ ਆਉਣ ਦਾ

ਰੋਜ਼ ਇੰਤਜ਼ਾਰ ਕਰਦੀ, 


ਬਨੇਰੇ ਤੋਂ ਬਾਹਰ ਵੱਲ ਤੱਕ

ਹਵਾ ਵੇਖ ਤੈਨੂੰ,

ਮੈਨੂੰ ਝੂਮ ਕੇ ਦੱਸਦੀ ਹੈ

ਤੇਰੀਆਂ ਪੱਗਾਂ ਦੇ ਰੰਗ ਸੂਹੇ

ਕਦੇ ਹਰੇ, ਸਲੇਟੀ,


ਭਰ ਗਲਵੱਕੜੀ ਵਿੱਚ

ਚੁਣਦਾ ਸੀ ਫੁੱਲ ਜਿਹੜੇ

ਕਾਸ਼! ਉਸ ਗੁੱਲਦਸਤੇ ਵਿੱਚ

ਮੈਂ ਵੀ ਜੜੀ ਹੁੰਦੀ,

ਕਾਸ਼! ਮੈਂ ਗੁਲਾਬ ਹੁੰਦੀ।


ਸੁਗਮ ਬਡਿਆਲ

Ramaz

 ਰਮਜ਼ ਪਛਾਣੀ ਗਈ

ਜਦ ਮੁੱਕਦੀ ਕਹਾਣੀ ਗਈ,


ਰੋਸੇ ਭੁੱਲਾਏ ਗਏ

ਜਦ ਰੁੱਸਣ ਦੇ ਇਲਮ ਭੁੱਲਾਏ ਗਏ,


ਖੂਹਾ ਵੇ ਪਾਣੀ ਸੁੱਕਿਆ

ਬੱਦਲਾਂ ਨੂੰ ਕੌਣ ਬੁਲਾਵੇ ਓਏ,


ਸਤਿਕਾਰ ਦਾ ਘੁੰਡ ਚੁੱਕਿਆ ਗਿਆ

ਆਮਣੋ ਸਾਮ੍ਹਣੇ ਬੇਸ਼ਰਮ ਨਚਾਏ ਵੇ,


ਘੁਰਕੀ ਵਟਦੇ ਸਿਰ ਸੀ ਨੀਵਾਂ ਲੈਣਾ

ਅੱਜ ਅੱਖਾਂ ਚੋਂ ਡਰ ਚੁੱਕੇ ਗਏ,


ਸੁਗਮ ਬਡਿਆਲ 🌻

Intzaar ਇੰਤਜ਼ਾਰ

 (ਇੰਤਜ਼ਾਰ)✨


ਰੋਜ਼ ਉਨ੍ਹਾਂ ਰਾਹਾਂ ਤੇ ਤਕ ਕੇ

ਖੜ ਕੇ, ਮੁੜ ਆਉਂਦੀ ਹਾਂ

ਅਸਮਾਨ ਦੇ ਕੋਲ

ਉਸ ਬਾਰੇ ਸੁਨੇਹਾ ਛੱਡ ਆਉਂਦੀ ਹਾਂ,

ਨਰਾਜ਼ ਨਹੀਂ, ਬਸ!

ਦਿਲ ਅਧੂਰੇ ਦਾ ਗਮ

ਹਵਾਵਾਂ ਹਵਾਲੇ ਰੱਖ ਆਉਂਦੀ ਹਾਂ,

ਪਾਕ ਨੂਰ ਅਵੱਲੀ ਰੂਹਾਂ ਦੇ ਮਿਲਣ ਦੀ ਧਰਤ

ਕਹਾਣੀ ਸੱਚ ਮੰਨਦੀ ਹਾਂ,

ਤਾਂਹੀ ਤਾਂ ਇੰਤਜ਼ਾਰ ਕਰਦੇ

ਪਤਾ ਨਹੀਂ ਕਿੰਨਾ ਚਿਰ

ਸੁੰਨ ਬੈਠ ਕਿਸੇ ਦੀਆਂ ਸੋਚਾਂ ਵਿੱਚ

ਕੱਢ ਆਉਂਦੀ ਹਾਂ।

ਹਨ੍ਹੇਰ ਉੱਤੇ ਵੀ ਕਦੇ ਗੁੱਸਾ ਨਾ ਆਇਆ

ਉਹ ਵੀ ਤਾਂ ਮੇਰੇ ਵਰਗੇ ਹੋ ਗਏ ਹਨ,

ਰੋਸ਼ਨੀ ਦੇ ਇੰਤਜ਼ਾਰ ਵਿੱਚ 

ਕਿੰਨੇ ਸਾਹ ਕਾਲੇ ਹੋ ਗਏ ਨੇ।


ਸੁਗਮ ਬਡਿਆਲ 🌙

#SugamBadyal

Bharti ਭਾਰਤੀ

 ਕਿਸੇ ਨੇ ਭਾਰਤ ਦੇ ਬਾਹਰ ਰਹਿੰਦੇ ਬੰਦੇ ਨੂੰ ਪੁੱਛਿਆ ਕਿ ਤੁਸੀਂ ਫੋਰਨ ਚ ਆ ਕੇ ਇੰਨੀ ਤਰੱਕੀ ਕਰਦੇ ਹੋ, ਭਾਰਤ ਵਿੱਚ ਰਹਿੰਦੇ ਹੋਏ ਕੋਈ ਨਹੀਂ ਕਰਦੇ,ਜਦਕਿ ਵੱਡੀ ਵੱਡੀ ਹਸਤੀਆਂ ਜੋ ਫੋਰਨ ਚ ਰਹਿੰਦੀਆਂ ਹਨ, ਜਿਵੇਂ ਕਿ ਸੁੰਦਰ ਪਿਚਾਈ, ਸ਼ਾਨਤੰਨੂ ਨਾਰਾਇਣ( ਅਡੋਬ ਇਨ), ਪਰਾਗ ਅਗਰਵਾਲ (ਟਵੀਟਰ), ਲੀਨਾ ਨਾਇਰ ( ਚੇਨਲ), ਸਤਿਆ ਨਡੇਲਾ (ਮਾਇਕਰੋਸਾਫਟ), ਰੂਪੀ ਕੌਰ (ਕਵਿਤਰੀ), ਸਭ ਭਾਰਤੀ ਹਨ। 


ਭਾਰਤੀ ਬੰਦੇ ਦਾ ਜੁਆਬ ਸੀ, ਕਿ ਇੱਥੇ ਤਰੱਕੀ ਇਸ ਕਰਕੇ ਕਰ ਪਾ ਰਹੇ ਹਾਂ ਕਿਉਂਕਿ ਇੱਥੇ ਸਾਡੇ ਭਵਿੱਖ, ਰਹਿਣੀ ਸਹਿਣੀ, ਸਿਹਤ ਸਹੂਲਤਾਂ, ਐਜੂਕੇਸ਼ਨ ਸਿਸਟਮ, ਲਾਈਫ਼ ਸਟਾਈਲ, ਸਕਿਓਰਟੀ ਵਿੱਚ ਸੁਧਾਰ ਕਰਨ ਲਈ ਹਕੂਮਤ ਵੱਲੋਂ ਜਦੋ- ਜਹਿਦ ਕੀਤੀ ਜਾਂਦੀ ਹੈ। ਪਰ ਭਾਰਤ ਵਿੱਚ ਹਕੂਮਤ ਇਸ ਉੱਤੇ ਜਦੋ ਜਹਿਦ ਕਰਦੀ ਹੈ ਕਿ ਕਿੰਨੇ ਮੰਦਰ ਬਣਨਗੇ ਅਤੇ ਕਿੰਨੀ ਥਾਂ ਮਸਜਿਦ ਨੂੰ ਦਿੱਤੀ ਜਾਵੇਗੀ।


ਸੁਗਮ ਬਡਿਆਲ ✍️

#SugamBadyal

Ik chupp ne

 ਇੱਕ ਚੁੱਪ ਨੇ...


ਇੱਕ ਚੁੱਪ ਨੇ ਕਿੰਨੇ ਬਵਾਲ ਕਰ ਦਿੱਤੇ,

ਕਿਸੇ ਦਾ ਹੌਂਸਲਾ ਵਧਾ ਦਿੱਤਾ,

ਕਿਸੇ ਨੇ ਗੁਨਾਹ ਕਮਾ ਦਿੱਤਾ,

ਇੱਕ ਚੁੱਪ ਨੇ ਤੀਲੀ ਦਾ ਕੰਮ ਦਿੱਤਾ,

ਜ਼ਿੰਦਗੀ ਦੀ ਧਰਤ 'ਤੇ ਸਮਸ਼ਾਨ ਬਣਾ ਦਿੱਤਾ,

ਇੱਕ ਚੁੱਪ ਨੇ ਸਾਮ੍ਹਣੇ ਖੜੇ ਬੰਦੇ ਦਾ

ਹੌਂਸਲਾ ਵਧਾ ਦਿੱਤਾ।

ਕਦੇ, ਇੱਕ ਚੁੱਪ ਨੇ ਚੁੱਪ ਕੀਤੇ ਬੋਲ

ਕਵਿਤਾਵਾਂ ਦੇ ਹਵਾਲੇ ਕਰ ਨਚਾ ਦਿੱਤਾ

ਫ਼ੇਰ ਕੋਈ ਦੱਸੇ...,

ਕਿੰਨਾ ਸ਼ੋਰ ਹੋਇਆ?.. 


ਸੁਗਮ ਬਡਿਆਲ



July 21, 2022

Hope ਆਸ

 ਆਸ : Hope


ਰਹਿੰਦੀ ਜ਼ਿੰਦਗੀ ਨੂੰ ਜੋੜੀ ਰੱਖਣ ਦਾ ਭਰਮ

ਭਰਮ ਵਿੱਚ ਸਦੀਆਂ ਨਿਕਲ ਜਾਂਦੀਆਂ ਨੇ

ਸਦੀਆਂ ਬਾਅਦ ਵੀ ਕਹਾਣੀਆਂ ਦੇ

ਪੂਰਨ ਹੋਣ ਦੀ ' ਆਸ' ,

'ਆਸ' ਜ਼ਿੰਦਗੀ ਨੂੰ ਸੁਪਨੇ ਵਿਖਾਈ ਜਾ ਰਹੀ ਹੈ,

ਸੁਪਨਿਆਂ ਦੀ ਆਸ ਵਿੱਚ ਹੀ ਹਕੀਕਤ

ਪਨਪ ਰਹੀ ਹੈ,

ਪਨਪਦੇ ਅਣਗਿਣਤ,

ਅਣਕਹੇ ਸੁਪਨੇ ਜਜ਼ਬਾਤਾਂ ਦੇ ਤੀਰ

ਤਿੱਖੇ, ਹੋਰ ਤਿੱਖੇ ਕਰੀ ਜਾ ਰਹੇ ਨੇ,

ਤਿੱਖੀ ਧਾਰ ਸੁਪਨੇ ਦਾ ਪਰਦਾ ਚੀਰ ਕੇ

ਕੁਝ ਹਕੀਕਤ ਬਣ ਰਹੇ ਹਨ

ਕੁਝ ਸਿਰਫ਼ ਚੱਲਦਾ - ਫਿਰਦਾ ਅਹਿਸਾਸ,

ਉੱਕਾ ਅਹਿਸਾਸ, ਬੇਮਤਲਬਾ,

ਸਿਰਫ਼ ਸੁਪਨੇ ਦਾ ਸੁਪਨਾ ਹੀ,

ਪਰ ਫ਼ੇਰ ਕਦੇ ਨਾ ਕਦੇ ਕਿਸੇ ਦੇ ਆਣ

ਢੁੱਕਣ ਦੀ ਆਸ ਬਰਕਰਾਰ ਹੈ,

ਪਤਾ ਨੀ? ਕਿਹੜੇ ਪਾਸੇ,

ਕਿਧਰੇ ਤਾਂ ਹੈ, ਆਸ - ਪਾਸ।


ਸੁਗਮ ਬਡਿਆਲ



Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...