What bothers you and why?
ਇਕ ਕਵੀ ਹੋਣ ਦੇ ਨਾਤੇ,
ਮੈਨੂੰ ਉਹ ਸੱਚ ਚੁਭਦੇ ਹਨ ਜੋ ਤਕੜੇ ਹਨ ਛੰਦਾਂ ਲਈ,
ਉਹ ਲਫ਼ਜ਼ ਜੋ ਬੰਦ ਦਿਮਾਗਾਂ ਵਿੱਚ ਦੱਬ ਜਾਂਦੇ ਹਨ,
ਉਹ ਡਰ ਕਿ ਮੇਰੀਆਂ ਭਾਵਨਾਵਾਂ
ਸੁਣਨ ਤੋਂ ਪਹਿਲਾਂ ਹੀ ਛਾਣ ਲਈਆਂ ਜਾਣਗੀਆਂ।
ਇਕ ਬੱਚੀ ਹੋਣ ਦੇ ਨਾਤੇ,
ਮੈਨੂੰ ਉਹ ਸਵਾਲ ਚੁਭਦੇ ਹਨ
ਜਿਨ੍ਹਾਂ ਦੇ ਜਵਾਬ ਕਦੇ ਮਿਲੇ ਨਹੀਂ,
ਅਤੇ ਉਹ ਜਵਾਬ ਵੀ,
ਜਿਨ੍ਹਾਂ ਨੂੰ ਪੁੱਛਣ ਲਈ ਮੈਂ ਬਹੁਤ ਛੋਟੀ ਸੀ।
ਇਕ ਧੀ ਹੋਣ ਦੇ ਨਾਤੇ,
ਮੈਨੂੰ ਉਹ ਸੁਪਨੇ ਚੁਭਦੇ ਹਨ ਜੋ
ਰਿਵਾਜਾਂ ਦੀ ਚਾਦਰ ਓੜ ਕੇ ਭੁਲਾ ਦਿੱਤੇ,
ਉਹ ਖਾਹਿਸ਼ਾਂ ਜੋ ਮੈਨੂੰ ਬਿਨਾਂ ਪੁੱਛੇ ਤਬਾਹ ਕਰ ਦਿੱਤੀਆਂ,
ਇਕ ਪਤਨੀ ਹੋਣ ਦੇ ਨਾਤੇ,
ਮੈਨੂੰ ਉਹ ਪਿਆਰ ਚੁਭਦਾ ਹੈ ਜੋ
ਆਗਿਆਕਾਰਤਾ ਅਤੇ ਚੁੱਪੀ ‘ਚ ਤੁੱਲ ਜਾਂਦਾ ਹੈ,
ਅੰਦਰ ਹੀ ਅੰਦਰ ਗੁੱਸੇ ਦੀ ਅੱਗ ਵਿਚ ਸੜ ਕੇ
ਸੁਆਹ ਹੋ ਜਾਂਦੀ ਹਾਂ ਪਰ ਫ਼ਿਰ ਵੀ ਭੂਮਿਕਾਵਾਂ ਨਿਭਾ ਕੇ
ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ,
ਇਕ ਮਾਂ ਹੋਣ ਦੇ ਨਾਤੇ,
ਮੈਨੂੰ ਇਹ ਡਰ ਚੁਭਦਾ ਹੈ ਕਿ ਮੇਰਾ ਬੱਚਾ
ਇੱਕ ਅਜਿਹੀ ਦੁਨੀਆ ‘ਚ ਵੱਡਾ ਹੋਵੇਗਾ
ਜੋ ਅਜੇ ਵੀ ਨਰਮੀ ਨੂੰ ਤਾਕਤ
ਅਤੇ ਹਮਦਰਦੀ ਨੂੰ ਹੌਂਸਲੇ ਵਾਂਗ ਅਤੇ ਗੁਣ ਨਹੀਂ ਮੰਨਦੀ।
ਇਕ ਚੰਗੇ ਭਵਿੱਖ ਦੇ ਲਈ,
ਮੈਂ ਇਹ ਸੋਚ ਕੇ ਘਬਰਾਉਂਦੀ ਹਾਂ ਕਿ
ਕੀ ਕਦੇ ਅਜਿਹਾ ਸਮਾਂ ਆਵੇਗਾ
ਜਿੱਥੇ ਮੈਂ ‘ਆਪ’ ਘੱਟ ਹੋਏ ਬਿਨਾਂ ਖਿੱਲ ਸਕਾਂ,
ਜਿੱਥੇ ਮੈਨੂੰ ਸਿਰਫ਼ ਭੂਮਿਕਾ ਨਹੀਂ,
ਇਕ ਪੂਰੀ ਹਸਤੀ ਵਜੋਂ ਵੇਖਿਆ ਜਾਵੇਗਾ।
ਇੱਕ ਪੇਸ਼ੇਵਰ ਔਰਤ ਹੋਣ ਦੇ ਨਾਤੇ,
ਮੈਨੂੰ ਉਹ ਤੋਲ ਚੁਭਦੀ ਹੈ
ਜੋ ਹਮੇਸ਼ਾਂ ਮੇਰੇ ਖਿਲਾਫ ਝੁਕੀ ਰਹਿੰਦੀ ਹੈ —
ਚਾਹੇ ਉਹ ਅਹੰਕਾਰ ਤੇ ਸਵੀਕਾਰਨ ਦੇ ਵਿਚਕਾਰ ਹੋਵੇ,
ਲੀਡਰ ਬਣ ਕੇ ਵੀ “ਕੱਚੀ ਸੜਕ” ਰਹਿ ਗਈ।
ਕਿਉੁਂਕਿ ਮੈਂ ਔਰਤ ਹਾਂ ਮਰਦ ਦੀ ਪ੍ਰੀਭਾਸ਼ਾ ਚ
ਔਰਤ ਮਰਦ ਤੋਂ ਇੱਕ ਕਦ ਛੋਟੀ ਰਹਿੰਦੀ ਹੈ,
ਉਹ ਕੱਚ ਦੀ ਛੱਤ ਵੀ ਚੁਭਦੀ ਹੈ
ਜਿਸਨੂੰ ਅਸਮਾਨ ਵਰਗਾ ਦਿਖਾਇਆ ਜਾਂਦਾ ਹੈ।
ਸੁਗਮ ਬਡਿਆਲ
ਇਕ ਔਰਤ ਹੋਣ ਦੇ ਨਾਤੇ