Showing posts with label Punjab lekh. Show all posts
Showing posts with label Punjab lekh. Show all posts

September 27, 2023

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪਰਛਾਵੇਂ ਵਿੱਚ ਤੁਸੀਂ ਖੇਡਣਾ ਸਿੱਖਿਆ ਹੈ ਤਾਂ ਇਹ ਤੁਹਾਡੇ ਦੋਸਤ ਹਨ, ਜੇ ਡਰਨਾ, ਤਾਂ ਇਹ ਤੁਹਾਡੇ ਅਤੀਤ ਤੇ ਭਵਿੱਖ ਵਿੱਚ ਜ਼ਹਿਰ।

ਜ਼ਿੰਦਗੀ ਜਿਉਣ ਦਾ ਢੰਗ ਕਿਸ ਨੇ ਤੁਹਾਨੂੰ ਸਿਖਾਇਆ ਹੈ, ਮਾਂ - ਬਾਪ? ਦੋਸਤਾਂ? ਟੀਚਰਜ਼? ਉਹ ਕਿਤਾਬ ਦਾ ਸਾਰ ਹਨ, ਅਧਿਐਨ ਕਰਨ ਵਿੱਚ ਇਹ ਸੋਚ ਬਣਾਉਣ, ਸੰਤੁਲਿਤ ਸੋਚ ਬਣਾਉਣ ਦਾ ਜ਼ਰੀਆ...। ਉਹ ਸਿਰਫ਼ ਜ਼ਿੰਦਗੀ ਦੀ ਦਹਲੀਜ਼ ਉੱਤੇ ਬੜੇ ਪਿਆਰ ਨਾਲ ਤੁਹਾਨੂੰ ਰਵਾਨਾ ਕਰਨ ਆਉਂਦੇ ਹਨ, ਦਹਲੀਜ਼ ਤੋਂ ਪਰਲੇ ਪਾਸੇ ਦੇ ਸਫ਼ਰ ਵਿੱਚ ਸਿਰਫ਼ ਤੁਸੀਂ ਹੀ ਜਾਣਾ ਹੈ। ਉੱਥੇ ਉਹ ਨਾਲ ਨਾਲ ਨਹੀਂ ਤੁਰਦੇ, ਬਾਹਰੋਂ ਹੀ ਅਵਾਜ਼ ਲਾ ਕੇ ਹੌਂਸਲਾ ਵਧਾਉਂਦੇ ਹਨ। ਪਰਲੇ ਪਾਸੇ ਦੇ ਚੱਕਰ ਦੇ ਗੇੜ ਵਿੱਚ ਤੁਸੀਂ ਆਪਣੀ ਕਿਸਮਤ ਦੇ ਪਹਿਰੇਦਾਰ ਹੋ, ਕਿਸਮਤ ਦੋ ਮੂੰਹੀ ਹੈ। ਉਹ ਚੰਗੀ ਨੂੰ ਵੀ ਬੁਰੀ ਬਣਾ ਦਿੰਦੀ ਹੈ ਅਤੇ ਬੁਰੀ ਨੂੰ ਚੰਗੀ, ਕਿਉਂਕਿ ਉਹ ਤੁਹਾਡੀ ਸੋਚ ਅਤੇ ਗੁਣਾਂ ਨੂੰ ਪਰਖਦੀ ਹੈ ਕਿ ਤੁਸੀਂ ਇਸ ਚੱਕਰ ਵਿੱਚ ਆਉਣ ਤੋਂ ਪਹਿਲਾਂ ਕੀ ਸਿੱਖ ਕੇ ਆਏ ਹੋ।

ਤੁਸੀਂ ਇਸ ਚੱਕਰ ਵਿੱਚ ਜਿੱਥੇ ਸਥਿਰਤਾ, ਜਟਿਲਤਾ ਨਾਲ ਸੰਤੁਲਿਤ ਖੜ੍ਹ ਸਕਦੇ ਹੋ, ਉਹੀ ਤੁਹਾਡੀ ਕਿਸਮਤ ਦੀ  journey ਹੈ ਅਤੇ ਉਹੀ ਕਿਸਮਤ ਦੀ ਰਾਹ...।

ਕੋਈ ਤੁਹਾਡੇ ਚਿਹਰੇ ਵੱਲ ਨਹੀਂ ਵੇਖਦਾ, ਜਦੋਂ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਵਿਕਾਰ ਨਹੀਂ ਕਰਦੇ। ਕਿਸੇ ਦੀ ਹਿੰਮਤ ਨਈਂ ਕਿ ਉਹ ਤੁਹਾਡੇ ਔਰੇ ਵਿੱਚੋਂ ਨਿਕਲ ਸਕੇ, ਜਦੋਂ ਤੱਕ ਤੁਸੀਂ ਸੰਤੁਲਿਤ ਅਤੇ ਜਟਿਲ ਨਹੀਂ।

ਚਾਰ ਲੋਕ ਕੀ ਸੋਚਣਗੇ, ਸਾਰੀ ਉਮਰ ਇਸੇ ਵਿੱਚ ਰਹਿ ਜਾਂਦੀ ਹੈ ਤੇ ਉਹੀ ਆਦਤਾਂ ਪਾਲ ਲੈਂਦੇ ਹਾਂ, ਉਹੀ ਕਰਨ ਲੱਗਦੇ ਹਾਂ ਜਿਸ ਤੋਂ ਉਹੀ ਚਾਰ ਲੋਕਾਂ ਦੇ ਚਿਹਰੇ ਕੋਈ ਰੰਗ ਨਾ ਦਿਖਾਉਣ। ਜਿਨ੍ਹਾਂ ਚਾਰ ਲੋਕਾਂ ਦੀ ਸੋਚ ਸੋਚ ਕੇ ਅਸੀਂ ਜਿੰਦਗੀ ਨੂੰ ਆਪਣੀ ਨਾ ਸਮਝ ਕੇ ਉਨ੍ਹਾਂ ਮੁਤਾਬਿਕ ਜਿਉਂਣ ਲੱਗਦੇ ਹਾਂ, ਤਾਂ ਉਹ ਜਿੰਦਗੀ ਵਿਚਕਾਰ ਫੁੱਲਾਂ ਦੇ ਬੂਟੇ ਘੱਟ ਹੀ ਫੁੱਟਦੇ ਹਨ। ਪਰ ਸੱਚ ਜਾਣਨਾ ਉਨ੍ਹਾਂ ਚਾਰ ਲੋਕਾਂ ਨੂੰ ਤੁਹਾਡੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ, ਉਨ੍ਹਾਂ ਦੀ ਦਿਲਚਸਪੀ ਆਪਾਂ ਸਫਾਈਆਂ ਦੇ ਦੇ ਕੇ ਵਧਾਉਂਦੇ ਹਾਂ।

ਉਨ੍ਹਾਂ ਦੀ ਗੱਲਾਂ ਤੇ ਦਿਲਚਸਪੀ ਦੇ ਕੰਜੇ ਨਾਲ ਹਵਾ ਵਿੱਚ ਛੱਡ ਦਿੱਤਾ ਜਾਵੇ, ਹਵਾ ਮੁਸ਼ਕ ਨਾਲੋਂ ਵਧੇਰੇ ਤਾਕਤਵਰ ਹੈ, ਜਿਆਦਾ ਦੂਰ ਤੱਕ ਨਹੀਂ ਫੈਲਦੀ, ਪਤਾ ਵੀ ਨਹੀਂ ਲੱਗਣਾ।


ਸੁਗਮ ਬਡਿਆਲ

September 22, 2023

ਜਬਰਦਸਤੀ ਦੇ ਰਿਸ਼ਤੇ


ਕੀ ਕਹਾਣੀ ਦਿਖ ਗਈ
ਸੁਪਨਿਆਂ ਦੀ ਤਾਂ ਰੂਪਮਾਨੀ ਛਿੱਪ ਗਈ
ਕੁਝ ਵੀ ਹੋਇਆ ਨਹੀਂ ਉਸ ਤਰ੍ਹਾਂ
ਮਿਹਨਤ ਦੀ ਬੇਇਮਾਨੀ ਦਿਖ ਗਈ,

ਖੁਬਸੂਰਤੀ ਦੇ ਮਤਲਬ ਦੇ ਵੀ ਮਤਲਬ ਹੁੰਦੇ
ਮੈਂਨੂੰ ਇਉਂ ਉਨ੍ਹਾਂ ਨੇ ਦਿਲ ਵਿੱਚ ਜਬਰਦਸਤੀ ਮਤਲਬ ਸਮਝਾ ਦਿੱਤੇ,
ਮੈਂ ਸਮਾਂ ਮੰਗਿਆ ਤਾਂ ਮੇਰੀ ਗੱਲ ਨੂੰ
ਮਜਬੂਰੀ ਜਾਂ ਮਿੰਨਤ ਮੰਨ ਆਪਣੇ ਹੱਕ
'ਹਾਂ ਜਿਹਾ' ਆਖ ਮੇਰੇ ਉੱਤੇ ਬਿਠਾ ਦਿੱਤੇ,

ਦਿਲ ਦੀ ਤਰਜਮਾਨੀ ਨੂੰ ਮੈਂ
ਆਪਣੀ ਹਕੀਕਤ ਨਾਲ ਬਿਠਾਵਾਂ ਕਿਵੇਂ?
ਨਾਖੁਸ਼ ਦਿਲ ਨੇ ਹਕੀਕਤ ਮੁਹਰੇ ਆਪਣੇ ਦਮ ਹੀ ਘੋਟ ਦਿੱਤੇ।



ਸੁਗਮ ਬਡਿਆਲ

September 21, 2023

Qudrat di godd ਕੁਦਰਤ ਦੀ ਗੋਦ

 ਚਾਰੇ ਪਾਸੇ ਸਨਾਟਾ, ਇੱਕ ਥਾਂ ਹੈ

'ਕੁਦਰਤ ਦੀ ਗੋਦ'

ਜਿੱਥੇ ਸਾਹ ਮੇਰੇ 'ਚ ਵੀ ਅਵਾਜ਼ ਹੈ

ਚਾਰ ਚੁਫ਼ੇਰੇ ਕੋਈ ਨਹੀਂ

ਬਸ ਮੈਂ ਹਾਂ ਤੇ ਹੈ ਮੇਰਾ ਦਿਲ

ਜੋ ਇਸ ਸਨਾਟੇ ਨਾਲ ਗੱਲਾਂ ਕਰ ਰਹੇ ਹਨ


ਕਿਤੇ ਦੂਰ ਕੋਇਲਾਂ ਕੂਕ ਰਹੀਆਂ ਹਨ

ਮੇਰੇ ਇਰਦ ਗਿਰਦ ਦਰਖਤ ਬੂਟੇ ਚੁੱਪ ਕੀਤੇ

ਜਿਵੇਂ ਮੈਨੂੰ ਹੀ ਵੇਖੀ ਜਾ ਰਹੇ ਹਨ

ਫੁੱਲ ਵੀ ਮੈਨੂੰ ਦੇਖ ਨਿੰਮਾ-ਨਿੰਮਾ

ਖਿੜ ਖਿੜਾ ਕੇ ਹੱਸ ਰਹੇ ਹਨ


ਨਿੰਮੀ-ਨਿੰਮੀ ਸਰਦ ਰੁੱਤ ਵਾਲੀ

ਸ਼ੀਤ ਹਵਾ ਮੈਨੂੰ ਠਾਰ ਰਹੀ ਹੈ

ਘਾਹ ਦੀਆਂ ਪੱਤੀਆਂ ਵੀ ਜਿਵੇਂ ਖੁਸ਼ੀ ਨਾਲ

ਨੱਚ ਰਹੀਆਂ ਹਨ, ਜਿਵੇਂ ਸਾਵਣ 'ਚ ਮੋਰ


ਘਾਹ ਦੀ ਨੋਕ ਤੇ ਅੌਸ ਦੀਆਂ

ਨਿੱਕੀ ਨਿੱਕੀ ਬੂੰਦਾਂ

ਸੂਰਜ ਦੀ ਚਮਕ ਪੈਣ 'ਤੇ

ਇੰਝ ਚਮਕ ਰਹੀਆਂ ਹਨ

ਜਿਵੇਂ ਧਰਤੀ 'ਤੇ ਕਿਸੇ ਨੇ ਕਿਸੇ ਦੇ ਸੁਆਗਤ 'ਚ 

ਫੁੱਲਾਂ ਦੀ ਥਾਂ ਹੀਰੇ-ਸੀਪੀਆਂ ਮੋਤੀ ਸਜਾਏ ਹੋਣ


ਇਹ ਬੈਂਚ ਵੀ ਖਾਲੀ ਪਏ

ਇੱਕ ਦੂਜੇ ਵੱਲ ਝਾਕ ਰਹੇ ਹਨ

ਜਿਵੇਂ ਇਨ੍ਹਾਂ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ

ਤੇ ਇੱਕ ਦੂਜੇ ਨੂੰ ਪੁੱਛਦੇ ਹਨ -'ਕੋਈ ਨੀ ਆਇਆ? '


ਸਾਰੇ ਪੰਛੀਆਂ ਦੀ ਚੀਂ-ਚੀਂ,

ਕਾਂ-ਕਾਂ, ਗੁਟਰ-ਗੁਟਰ, ਟਰ-ਰ-ਟਰ

ਅਾਵਾਜ਼ਾਂ ਸੰਗੀਤ ਦੇ ਸਾਜ਼ਾਂ ਦੀ ਤਰ੍ਹਾਂ

ਸੁਰ ਮਿਲਾ ਰਹੀਆਂ ਹਨ


ਧਰਤੀ ਦੀ ਹਰਿਆਵਲ ਇੰਝ ਲੱਗ ਰਹੀ ਹੈ

ਜਿਵੇਂ ਦੂਰ ਤੱਕ

ਹਰਾ ਕਾਰਪੇਟ ਵਿਛਿਆ ਹੋਇਆ ਹੋਵੇ


ਇੱਕ ਸੁੱਕਾ, ਕੀੜਿਆਂ ਦਾ ਖਾਧਾ,

ਖੋਖਲਾ ਜਿਹਾ ਦਰਖਤ

ਭਾਵੇਂ ਖਤਮ ਹੋਣ ਵਾਲਾ ਹੈ

ਪਰ ਉਸਨੇ ਜਿਉਂਣ ਦੀ ਆਸ ਵਿੱਚ

ਸੀਨਾ ਤਾਣੀ ਖੜੇ ਰਹਿਣਾ ਸਿਖਿਆ ਹੋਇਆ ਹੈ

ਇਸ ਸਮੇਂ ਦੀ ਗਤੀ ਤੋਂ ਜੀਉਂਣ ਦੀ ਆਸ ਨੀ ਛੱਡੀ,

ਭਾਵੇਂ ਸਾਥ ਛੱਡ ਗਈਆਂ ਜੜੵਾਂ ਉਸ ਦੀਆਂ


ਕੀੜੀਆਂ ਤੇ ਕੰਢੇਰ ਸਿਰਫ਼ ਆਪਣੇ ਲਈ ਨਹੀਂ

ਆਪਣਿਆਂ ਲਈ ਜਿਉਂਦੇ ਹਨ

ਤਾਂ ਹੀ ਤਾਂ ਜਿੱਥੇ ਅਨਾਜ਼ ਮਿਲਦਾ ਹੈ

ਸਾਰੀ ਟੋਲੀ ਸਮੇਤ ਚੱਲਦੀ ਹੈ

ਕੱਲੵੇ ਨਾ ਕਦੇ ਖਾਧਾ, ਨਾ ਖਾਣਾ ਚਾਹੁੰਦੇ ਨੇ ਏਹ


ਘਾਹ ਵਿੱਚੋਂ ਨਿੱਕੀਆਂ ਨਿੱਕੀਆਂ ਫੁੱਲਾਂ ਦੀਆਂ ਪੱਤੀਆਂ

ਸਿਰ ਕੱਢ ਕੇ ਬਾਹਰ

ਉਤਾਂਹ ਨੂੰ ਇੰਝ ਝਾਕ ਰਹੀਆਂ ਹਨ

ਜਿਵੇਂ ਨਿੱਕਾ ਬੱਚਾ ਅੱਡੀਆਂ ਚੁੱਕ ਕੇ

ਕੁਝ ਦੇਖਣ ਦੀ ਕੋਸ਼ਿਸ਼ ਕਰਦਾ ਹੈ


ਇਸ ਸ਼ਾਂਤੀ ਤੋਂ ਦੂਰ ਕਿਤੇ ਭਾਰੀ ਗੜਗੜਾਹਟ ਹੈ

ਸ਼ੋਰ ਹੈ, ਜਿੱਥੇ ਵਾਪਸ ਮੈਂ ਜਾਣਾ ਨਹੀਂ ਚਾਹੀਦੀ

ਪਰ ਨਾ ਚਾਹੁੰਦੇ ਵੀ ਉੱਥੇ ਜਾਣਾ ਪੈਣਾ ਹੈ

ਤਿੱਤਲੀਆਂ ਮੇਰੇ ਆਸ ਪਾਸ ਘੁੰਮ-ਘੁੰਮ 

ਜਿਵੇਂ ਕਹਿ ਰਹੀਆਂ ਹਨ

'ਨਾ ਜਾਅ ਨਾ ਜਾਅ...।.

ਸੁਗਮ ਬਡਿਆਲ 🌻

#sugamwrites

August 23, 2023

ਖਾਲੀਪਣ Khaalipun

 

ਇਹਨਾਂ ਅੱਖਾਂ ਵਿੱਚ ਅੱਜ ਕੋਈ ਕਹਾਣੀ ਨਹੀਂ ਸੁਣਾਉਣ ਨੂੰ
ਜਾਂ ਇੰਝ ਕਹਾਂ ਕਿ ਕਹਾਣੀ ਸੋਚੀ ਨਈਂ ਅਗਲੀ ਸਵੇਰ ਦੀ।

ਬੱਸ! ਖਾਲੀ ਬਰਤਨ ਨੂੰ ਖਾਲੀ ਰਹਿਣ ਦਿੱਤਾ
ਬੱਸ! ਭਰਨ ਨੂੰ ਦਿਲ ਨਈਂ ਕੀਤਾ।


ਸੁਗਮ ਬਡਿਆਲ

August 04, 2023

Waqt di khetti ਵਕਤ ਦੀ ਖੇਤੀ

 ਕੁਝ ਅੱਖਰ ਅਸੀਂ ਇੱਕ ਵਕਤ ਲਈ ਵਾਹੇ ਹੁੰਦੇ ਨੇ

ਪਰ ਕਿਸੇ ਦੂਸਰੇ ਹੋਰ ਵਕਤ ਵਿੱਚ ਉੱਗ ਕੇ ਫਸਲ ਬਰਾਬਰ ਹੋ ਜਾਂਦੇ ਨੇ।


ਫ਼ਸਲ ਐਸੀ ਕਿ ਜਾਂ ਤਾਂ ਕਿੱਕਰ 

ਜਾਂ ਕਣਕਾਂ ਦੇ ਸਿੱਟੇ।


ਸੁਗਮ ਬਡਿਆਲ🌙

February 09, 2023

ਦਰਮਿਆਨ Darmiyaan

ਓਹਦੀ ਘੜੀ ਦੀ ਸੂਈ ਕੀ
ਓਹਦੇ ਲਾਰਿਆਂ 'ਚ ਵੀ ਨਈਂ,
ਉਹ ਬ੍ਰਹਿਮੰਡ ਹੈ,
ਅਸੀਂ ਤਾਂ ਤਾਰਿਆਂ ਦਾ ਵੀ ਭੁਲੇਖਾ,
ਤਾਰੇ ਵੀ ਨਹੀਂ...।

ਕੜੇ ਦੁੱਧ ਦੀ ਮਲਾਈ...
ਉਹ ਲਾਲ ਸ਼ਾਮ ਜਿਹਾ,
ਕੋਲੋਂ ਲੰਘਦੀਆਂ ਧੁੱਪਾਂ...
ਕਿਤੇ ਛੂਹ ਕੇ ਲੰਘਣ ਸਾਨੂੰ,
ਅਸੀਂ ਤਾਂ ਉਨ੍ਹਾਂ ਮੀਨਾਰਾਂ 'ਚੋਂ ਵੀ ਨਈਂ।

ਦਰਮਿਆਨੇ ਸਾਡੇ
ਅਸਮੰਜਸ ਸੀ,
ਤਿੜਕੇ ਜਿਹੇ ਬਾਟੇ ਵਿੱਚ
ਭਰ - ਭਰ ਪਾਣੀ ਘੁੱਟ ਘੁੱਟ ਭਰਾਂ,
ਅੱਗ ਲੱਗੇ, ਬੁੱਝੇ ਈ ਨਾ,

ਉਹ ਪਿਆਸ ਸੀ
ਤੇ ਅਸਾਂ ਮਾਰੂਥਲ ਵਿੱਚ ਪਿਆਸੇ ।


ਸੁਗਮ ਬਡਿਆਲ



February 08, 2023

ਦਰਿਆ ਬਿਮਾਰ ਹਨ Dariya Bimar Han

 ਇਸ ਦਰਿਆ ਦਾ ਹਾਲ ਪੁੱਛੋ

ਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋ

ਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾ

ਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।


ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂ

ਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?

ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,

ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।


ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,

ਰੁਕ ਕੇ ਸਾਰ ਤਾਂ ਪੁੱਛੋ।


ਸੁਗਮ ਬਡਿਆਲ

August 13, 2022

Adhi kalam di Syaahi ਅੱਧੀ ਕਲਮ ਦੀ ਸਿਆਹੀ

 ਅੱਧੀ ਕਲਮ ਦੀ ਸਿਆਹੀ

ਤੇ ਅੱਧੀ ਰਹੀ ਜਿੰਦਗੀ ਨੂੰ

ਹੁਣ ਲਿਖਣ ਨੂੰ ਬਹੁਤ ਦਿਲ ਕੀਤਾ,

ਬਿਨ ਰੁਕਿਆਂ ਬਸ, ਤੇਰੇ ਨਾਂ ' ਤੇ

ਵੱਡਾ ਸਾਰਾ ਖ਼ਤ ਲਿਖਣ ਨੂੰ ਚਿੱਕ ਕੀਤਾ,

ਸਿਆਹੀ ਕਲਮ ਦੀ ਮੁੱਕਣ ਤੋਂ ਪਹਿਲਾਂ ਪਹਿਲਾਂ

ਪੰਨਿਆਂ ਵਿੱਚ ਤੇਰੇ ਨਾਲ ਡੁੱਬਣ ਨੂੰ ਦਿਲ ਕੀਤਾ,


ਕਹਾਂ ਕਿ ਨਈਂ, ਪਰ ਤੇਰੇ ਤੋਂ ਬਿਨਾਂ ਕਦੇ

ਕਿਤੇ ਖੇਡ, ਹੱਸਣ - ਰੁੱਸਣ ਨੂੰ ਨਈਂਓ ਦਿਲ ਕੀਤਾ,

ਤੇਰੇ ਪਰਛਾਵਿਆਂ ਨਾਲ ਤੁਰਦੇ ਰਹੇ,

ਕਦੇ ਕਿਸੇ ਨੂੰ ਆਪਣੀ ਰੂਹ ਨੂੰ ਮੱਲਣ ਦਾ,

ਅਹਿਸਾਸ, ਹੱਕ ਕਦੇ ਨਾ ਦਿੱਤਾ।


ਮੇਰੇ ਨਾਲ ਕੋਈ ਨਹੀਂ ਖੜ੍ਹਦਾ,

ਪਰ ਮੇਰੇ ਨਾਲ ਮੇਰੇ ਅੰਦਰ ਤੇਰਾ ਅਹਿਸਾਸ,

ਰੋਜ਼ ਹੱਥ ਫ਼ੜਕੇ ਬਹਿੰਦਾ, ਖੜ੍ਹਦਾ, ਤੁਰਦਾ,

ਰਾਹ ਸੁੰਨਮ ਸਾਨਾਂ 'ਤੇ

ਡਰਦੇ ਮਸਾਨਾਂ ਦੇ, ਰੂਹ ਤੇਰੀ ਨੂੰ,

ਸਰੀਰ ਵਿੱਚੋਂ ਜਾਣ ਦਾ ਹੱਕ ਨਾ ਦਿੱਤਾ,

ਮੇਰੀ ਬੰਦਿਸ਼ਾਂ ਕਰਕੇ ਕਿਤੇ ਰੁੱਸ ਤਾਂ ਨਈਓ ਗਿਆ

ਮੈਂ ਤਾਂ ਹੱਕ ਨਾਲ ਤੈਨੂੰ ਪਿਆਰ ਕੀਤਾ।


ਸਿਆਹੀ ਮੁੱਕੀ, ਤੇ ਮੇਰਾ ਖ਼ਤ ਵੀ ਤੇਰੇ ਨਾਂ

ਪੂਰਾ ਲਿਖ ਦਿੱਤਾ।


ਸੁਗਮ ਬਡਿਆਲ🌙

July 24, 2022

Raah di kismat

 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .


ਹਰ ਰਾਹ ਦੀ ਕਿਸਮਤ

ਹਰ ਰਾਹ ਤੋਂ ਹਰ ਕੋਈ

ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ

ਧਰਤ ਨਹੀਂ ਖੰਗਾਲਦਾ,

ਬਿਨ ਪਾਣੀ ਦੇ ਤਪਦੀ

ਮਿੱਟੀ ਰੇਤ ਹੁੰਦੀ,

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ

ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ,

ਸ਼ਾਹ ਕਾਲੇ ਹਨ੍ਹੇਰ ਬਣ ਆਵਣ,

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ

January 26, 2022

Baat ohio ਬਾਤ ਓਹੀਓ

 

ਪੂਜਾਘਰ ਉਹੀ ਏ
ਕੰਮ ਧੰਦਾ ਸੋਹੇ ਜਿੱਥੇ,
ਜਿੱਤ ਉਹੀ ਏ
ਖੁਸ਼ ਹੋਏ ਜਿੱਥੇ,
ਮਤ ਉਹੀ ਏ
ਗੱਲ ਸੁਣ
ਹੈਰਾਨ ਹੋਏ ਜਿੱਥੇ,
ਕਦਰ ਉਹੀ ਏ
ਅੱਡੀ ਲਾ ਧਰੇ ਜਿੱਥੇ
ਤਿੱਖਾ ਸੰਦ ਉਹੀ ਏ
ਪੁੱਟ ਸੁੱਟੇ ਪੁੱਠੀ ਮੱਤ ਜੋ,
ਜਿੰਦਗੀ ਉਹੀ ਏ
ਰਫਤਾਰ ਜਿਹੜੀ ਫੜੇ
ਕਦੇ ਛੱਡੇ ਉਹ,
ਗੱਲ ਉਹੀ ਏ
ਜਿੱਥੇ ਛੱਡ ਅਧੂਰੀ
ਫ਼ੇਰ ਬੈਠ ਕਦੇ ਸੁਣਾਏ ਜੋ,
ਪਿਆਰ ਉਹੀ ਏ
ਅੱਖਾਂ ਨਾਲ
ਦਿਲ ਨੂੰ ਚੀਰੇ ਜੋ,
ਗੁਲਾਮ ਉਹੀ ਏ
ਜੋ ਮੰਨ ਲਏ ਜੰਜ਼ੀਰ
ਉਸਤੋਂ ਤਕੜੀ ਏ,
ਕਰੀਬ ਉਹੀ ਏ
ਜਿਸਤੋਂ ਸਦੀਆਂ ਦੀ ਦੂਰ ਏ,
ਸੱਚ ਉਹੀ ਏ
ਜੋ ਮੈਂ ਨਾ ਆਖਾਂ
ਤੇ ਤੂੰ ਬੁੱਝੇਂ
ਹਿਰਨ ਦੀ ਕਸਤੂਰੀ ਉਹ,
ਆਕਾਰ ਉਹ
ਜੋ ਬਰਤਨ ਢਾਲ ਲਵੇ,
ਜਗਿਆਸੂ ਉਹ
ਜੋ ਬਹੁਤਾ ਜਾਣਦਾ ਨਈ,
ਸਮਝਣ ਦੇ ਖਿਆਲ ਲਵੇ,
ਕੱਲ੍ਹ ਉਹ ਜਿਸਤੇ
ਯਕੀਨ ਨਾ ਕਰਨਾ,
ਸਦੀਆਂ ਉਹ ਜੋ
ਬੀਤ ਕੇ ਯਾਦਾਂ ਦੇ
ਮਰਤਬਾਨਾਂ ਵਿੱਚ
ਗਈਆਂ ਸੌਂ,
ਲਿਖਤ ਉਹ
ਜਿਸਨੂੰ ਕਹਿ ਜੇ ਕੋਈ
ਵਾਹ! ਕਿਆ ਬਾਤ ਕਹੀ,
ਮਾਸੂਮੀਅਤ ਉਹ
ਜਿਸਨੂੰ ਵੇਖ
ਮਾਸੂਮ ਬਣਨ ਨੂੰ
ਚਿੱਤ ਕਰੇ,
ਇੱਕ ਰਾਜ਼ ਉਹ
ੁਆਚੀ ਚਾਬੀ ਦਾ ਚਾਬੀ ਦਾ
ਬੰਦ ਜਿੰਦਰਾ ਜੋ,
ਖੇਤ ਉਹ ਜੋ
ਕਿਸਾਨ ਪਾਲ਼ੇ
ਬਿਨ ਹਾਲੀ ਬੰਜਰ ਉਹ,
ਸੁਆਹ ਨਹੀਂ ਬਿਨ
ਵਾਲ਼ਿਆਂ ਅੱਗ ਤੋਂ,
ਕੌਣ ਜਾਣੇ ਗੁਣ
ਕਿਤਨੇ ਗੁੱਝੇ ਦੱਬੇ ਸੌ,
ਚੱਲ ਹੁਣ ਗੱਲ ਮੁਕਾਈਏ
ਸ਼ਬਾਖੈਰ..
ਫੁਰਸਤ 'ਚ ਮਿਲਾਂਗੇ
ਫ਼ੇਰ ਤੋਂ ਅਸੀਂ ਤੇ ਉਹ।

ਸੁਗਮ ਬਡਿਆਲ

December 15, 2021

Super gaint star ਜ਼ਖਮੀ ਸਿਤਾਰਾ

 ਅਕਾਸ਼ ਗੰਗਾ ਦੇ ਵਿਚਕਾਰ

ਆਰ ਪਾਰ,

ਹਰ ਕੋਈ ਇੱਕ ਚੰਨ ਹੈ,

ਹਰ ਤਾਰੇ ਦੇ ਕੋਲ ਆਪਣਾ ਇੱਕ

ਖੁਬਸੂਰਤ ਚੰਨ,

ਹਰ ਕੋਈ ਵੱਖਰਾ ਹੈ,

ਤਸੀਰ ਵੱਖਰੀ,

ਵੇਖਣ ਨੂੰ ਤਸਵੀਰ ਵੱਖਰੀ,

ਸੁਭਾਅ ਅਨੌਖਾ ਹੈ,

ਅਦਭੁੱਤ ਹੈ,

ਹਰ ਧੀਰ ਖੁਬਸੂਰਤ ਹੈ,

ਧਰਤੀ ਉੱਤੋਂ ਵਿਖਦੇ ਨੇ ਜੋ

ਮੋਤੀ ਚਿੱਟੇ ਚੰਨ ਦੀ ਤਾਜ ਹੈ।

ਹਰ ਉਲਕਾ ਮੋਤੀ ਹੈ,

ਹਰ ਮੋਤੀ 'ਪਰੋਟੋ ਸਟਾਰ ' ਹੈ

ਹਰ ਕੋਈ ਵੱਖਰਾ ਜਿਹਾ

ਜੜਿਆ ਮਣਕਿਆਂ ਤੋਂ ਮਾਲ਼ਾ ਵਿੱਚ

ਲੋਕੇਟ ਵਰਗਾ 'ਜ਼ਖਮ ਸਿਤਾਰਾ'

ਤਾਰਾ ਮੰਡਲ ਦਾ ਰਾਜਾ ਹੈ ਉਹ। 

Super gaint star


ਸੁਗਮ ਬਡਿਆਲ


December 09, 2021

Albatross ਅਲਬਾਟਰੋਜ

 ਅਲਬਾਟਰੋਜ | Albatross (a bird)


ਜਦ ਜਦ ਮੈਂ ਆਪਣੇ ਆਪ 'ਚ

ਖਾਮੀਆਂ ਕੱਢ ਕੇ ਖੁਦਾ ਤੇ ਮੇਰੇ ਵਿੱਚ

ਝਗੜਾ ਪਾ ਲੈਂਦਾ ਹਾਂ,

ਤਦ -ਤਦ ਪਤਾ ਨਹੀਂ ਯਕਦਮ

ਮੇਰੇ ਅੰਦਰੋਂ ਆਵਾਜ਼ ਬੋਲਦੀ ਹੈ,

"ਤੂੰ ਬਾਕੀਆਂ ਨਾਲੋਂ ਬਹੁਤ ਉੱਤੇ ਹੈ,

ਚੰਗਾ ਹੈਂ, ਬਿਹਤਰੀਨ ਹੈ,


ਤੂੰ ਹੇਠਾਂ ਵੇਖ,

ਅਤੇ ਧਰਤ ਦੀ ਸਮਤਲ ਉੱਤੇ

ਖੜਾ ਹੋ ਕੇ ਅਸਮਾਨ ਦੇ ਪੰਛੀਆਂ ਵਾਂਗਰਾਂ

ਉੱਚੀ ਅਥੱਕ ਉੱਡਾਨ ਭਰਨੀ ਹੈ,"

ਤੇਰੀ ਉਡਾਨ ਸਭ ਵੇਖਣਗੇ,

ਅਤੇ ਕਿਸੇ ਅਦਭੁਤ ਪੰਛੀ ਵਾਂਗਰ

ਤੇਰੀ ਇੱਕ ਦੀਦ ਨੂੰ ਉਤਾਵਲੇ ਰਹਿਣਗੇ,


ਬਸ! ਹਾਲੇ ਇੰਤਜ਼ਾਰ ਕਰ

ਅਤੇ ਆਪਣੇ ਖੰਭਾਂ ਦੀ ਬਨਾਵਟ,

ਆਕਾਰ ਨੂੰ ਚਾਕ ਬਣ ਲੱਗਿਆ ਰਹਿ,

ਦੇਖਦਾ ਰਹਿ ਬਣਦੇ ਆਕਾਰ ਨੂੰ,

ਕੁਦਰਤ ਛੋਟੇ ਤਿਣਕੇ ਨਾਲ ਕੀ ਕਰਾਮਾਤ

ਕਰ ਦਿੰਦੀ ਹੈ,


ਹਾਲੇ ਖੰਭਾਂ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ,

ਛੋਟੇ ਜਿਹੇ ਆਕਾਰ ਵਿੱਚ

ਅਦਭੁਤ ਹੁਸਨ, ਮਖਮਲੀ

ਰੰਗੀਲੇ  ਵੱਡੇ ਖੰਭ 

ਲਾ ਦਿੰਦੀ ਹੈ ਕਿਸੇ ਜਾਦੂਗਰ ਵਾਂਗ

ਜਾਦੂ ਟੂਣੇ ਜਿਹੇ ਹੀ ਕਰ ਦਿੰਦੀ ਹੈ,


ਵਾਂਗ ਤਾਰਿਆਂ ਦੀ ਟਿਮਟਿਮ ਜਗਣਾ ਹੈ,

ਹਾਲੇ ਉਸ ਸ਼ਮਤਾ ਵਿੱਚ ਆਉਣ ਲਈ

ਅੱਖਾਂ ਵਿੱਚ ਉਹ ਲੌਰ ਚਾੜ੍ਹ

ਕਿ ਤਾਰੇ ਵੀ ਤੇਰੇ ਲਈ

ਉਨੇ ਹੀ ਦੀਵਾਨੇ ਹੋ ਜਾਣ

ਜਿੰਨਾ ਤੂੰ ਤਾਰਿਆਂ ਦੀ ਦੁਨੀਆਂ ਲਈ ਹੈਂ।


ਸੁਗਮ ਬਡਿਆਲ 🌻


#SugamWrites

December 08, 2021

Kavita Waangh ਕਵਿਤਾ ਵਾਂਗ

 

ਕੁਝ ਕੱਚੀਆਂ- ਟੁੱਟੀਆਂ ਭੱਜੀਆਂ
ਰੁੱਸੀਆਂ ਥੱਕੀਆਂ ਕਵਿਤਾਵਾਂ,
ਕੁਝ ਜ਼ਿੰਦਗੀ ਦੇ ਭਾਰ ਹੇਠ ਰਹੀਆਂ ਦੱਬੀਆਂ,
ਕੁਝ ਪਲ਼ੀਆਂ ਠੱਠ- ਹਾਸਿਆਂ ਕੋਲ,
ਕੁਝ ਸੁੰਨ ਸਮਾਧੀ ਧਾਰ,
ਫ਼ਕੀਰ ਹੋ ਰਾਹੋ-ਰਾਹ ਪਈਆਂ,

ਕੁਝ ਉਂਂਞ ਅਵਾਰਾ ਆਸ਼ਕ ਵਾਂਗ
ਰੇਤ ਵਿੱਚ ਪਾਣੀ ਵਾਂਗੂ ਰੁਲ਼ ਗਈਆਂ,
ਰਿਸ ਗਈਆਂ ਰੇਤ ਹੀ ਹੋ ਗਈਆਂ,
ਕੁਝ ਕੱਚੀਆਂ- ਪੀਲੀਆਂ ਕਵਿਤਾਵਾਂ...।

ਚਾਰ ਦਿਸ਼ਾਵਾਂ ਵਿੱਚ ਬਿਖਰ ਗਈਆਂ,
ਇੱਕੋ ਫੁੱਲਵਾੜੀ ਵਿੱਚੋਂ ਨਿਕਲ ਫੁੱਲ ਜਿਵੇਂ,
ਕੋਈ ਸ਼ਹਨਸ਼ਾਹਾਂ ਲਈ ਬਣੀਆਂ,
ਕੋਈ ਸਜੀਆਂ ਉੱਤੇ ਸਾਧਾਂ ਦੇ ਡੇਰੇ,
ਤੇ ਫ਼ੇਰ ਕਿਸੇ ਨੂੰ ਮਿੱਧ ਦਿੱਤਾ ਗਿਆ
ਹੇਠਾਂ ਪੈਰੀਂ ਵਾਂਗ ਫੁੱਲਾਂ ਦੇ,

ਕਿਸੇ ਕਿਤਾਬ ਵਿੱਚ ਬੰਦ ਪਏ ਹੋ
ਕਈ ਲਫ਼ਜ਼ ਕੱਚੇ ਸਮਝ ਜੋ ਲਿਖੇ ਸੀ,
ਕੋਈ ਕਿਤਾਬ ਦੇ ਪੰਨਿਆਂ ਵਿੱਚ ਖੂਸਬੋਆਂ
ਗਏ ਕਰ ਵਾਂਗਰ ਇਤਰ ਦੇ,

ਕਈ ਤਹਿਸ ਨਹਿਸ ਹੋ ਗਈਆਂ,
ਕੱਚੀ ਰਬੜ ਜਿਵੇਂ ਕਵਿਤਾਵਾਂ,
ਅਰਥ ਜਿੰਨ੍ਹਾਂ ਦੇ ਕੱਚੇ ਸਨ,
ਕਈ ਅਰਥ ਕੱਢ ਦਿੱਤੇ ਕਈ ਜਿੰਨ੍ਹਾਂ ਦੇ
ਪੜਨੋ ਥੋੜੇ ਅੱਖਰ ਸ਼ਰਮੀਲੇ ਸੀ,
ਉਮਰੇ ਕੱਚੀਆਂ ਜੋ ਕੁਝ ਲਿਖੀਆਂ ਸਨ,

ਕੁਝ ਲਫ਼ਜ਼ਾਂ ਦੇ ਅਰਥ ਭਾਰੇ ਸਨ,
ਜਿਵੇਂ ਸਭ ਉਨ੍ਹਾਂ ਨੂੰ ਪਤਾ ਹੋਣ ਰਹਿਸ
ਬ੍ਰਹਿਮੰਡ ਵਿਗਿਆਨ,
ਰਾਜ਼ ਸਭ ਨਿਰੰਤਰ ਚੱਲੇ ਨਿਰੰਕਾਰ ਦੇ,

ਫੇਰ ਕੁਝ ਜ਼ਿੰਦਗੀ
ਬੈਠ ਕਾਗਜ਼ਾਂ ਕੋਲ ਗਾ ਕੇ
ਹੌਲੀ ਜਿਹੀ ਹੋ ਗਈ।

ਸੁਗਮ ਬਡਿਆਲ

November 28, 2021

Manzil De Ishq ਮੰਜ਼ਿਲ ਦੇ ਇਸ਼ਕ਼

 

ਮੰਜ਼ਿਲਾਂ ਦੇ ਇਸ਼ਕ ਮੰਜਿਲਾਂ ਨਾਲ ਹੀ
ਖਤਮ ਹੋ ਜਾਇਆ ਕਰਦੇ ਨੇ,

ਜਾਣਦਿਆਂ ਪਛਾਣਦਿਆਂ ਰਾਹਾਂ ਦਾ
ਸਫ਼ਰ ਕੁਝ ਖਾਸ ਨਹੀ,

ਬੁੱਲੀਆਂ ਦੇ ਹਾਸਿਆਂ ਦੀ
ਦੰਦਾਂ ਵਗੈਰ ਵੀ ਕੀ ਪਛਾਣ ਹੁੰਦੀ,

ਜੇ ਰੁੱਤਾਂ ਇੱਕ ਜਿਹੀਆਂ ਹੁੰਦੀਆਂ
ਤਾਂ ਮੌਸਮਾਂ ਨੂੰ ਵੇਖਣ ਦੀ
ਖਵਾਹਿਸ਼ ਏ ਦੀਦ ਨਾ ਹੁੰਦੀ,

ਸੁਹਾਵਣੇ ਇੱਕ ਤੋਂ ਇੱਕ ਵਾਰ ਨਾ ਹੁੰਦੇ
ਗੁੱਝੀ ਕਾਇਨਾਤ ਦੇ ਜੇ ਰਾਜ਼ ਨਾ ਹੁੰਦੇ,

ਜੇ ਕਿਸਮਤ ਤੋਂ ਇਤਫ਼ਾਕ ਰੱਖਦੇ ਹੁੰਦੇ
ਮਿਲਦਿਆਂ ਵਿਛੜਦਿਆਂ ਦਾ
ਅਰਥ ਨਾ ਹੁੰਦਾ,

ਜੇ ਦੋ ਅਹਿਸਾਸਾਂ ਦਾ ਹੁੰਦਾ ਸੰਗਮ ਨਾ
ਦੋ ਪਹਿਲੂਆਂ ਦੀ ਜ਼ਿੰਦਗੀ ਏ
ਸਮਝਣ ਨੂੰ ਫਰਕ ਨਾ ਹੁੰਦਾ,

ਖੁਦਾ ਤੇਰੇ ਸਾਡੇ ਤੋਂ ਜੇ ਕੋਈ ਰਾਜ ਨਾ ਹੁੰਦੇ,
ਕਾਹਦਾ ਫ਼ੇਰ ਤੇਰੇ ਤੋਂ ਰੁੱਸਣਾ ਮੰਨੋਣਾ ਹੁੰਦਾ,

ਜੇ ਪਹਿਲਾਂ ਹੀ ਮਿਲ ਜਾਂਦੇ ਧਰਤ ਅਸਮਾਨ
ਫ਼ੇਰ ਕਾਹਦੇ 'ਹਿਜ਼ਰ' ਉੱਤੇ ਲਿਖੇ
ਵਾਕ, ਅਲਫ਼ਾਜ਼ ਨਾ ਹੁੰਦੇ,

ਜੋ ਕੋਈ ਅਧੂਰਾ ਲਫ਼ਜ਼ ਨਾ ਹੁੰਦਾ
ਕਾਹਨੂੰ ਪਰੋਣੇ ਸੀ ਬੈਠ ਰੋਜ਼
ਤੇਰੇ ਬਾਰੇ ਸੋਚਾਂ ਦੇ ਮਣਕੇ,

ਜੇ ਮਿਲਣਾ ਵਿਛੜਨਾ ਨਾ ਹੁੰਦਾ
ਕਾਹਦੇ ਫ਼ੇਰ ਸੋਹਣੇ ਜ਼ਿੰਦਗੀ ਦੇ ਇਤਫ਼ਾਕ ਹੁੰਦੇ,

ਕਿਸਨੂੰ ਕਹਿੰਦੇ ਰੂਹ ਦੇ ਹਾਣੀ
ਜੇ ਚੱਲਦੇ ਫਿਰਦੇ ਜਣੇ ਖਣੇ ਨਾਲ ਮੇਲ਼ ਹੁੰਦੇ,

ਕਿਉਂ ਮੰਜ਼ਿਲ ਤੇ ਵਧਣ ਦੀ ਫ਼ੇਰ ਚਾਹਅ ਹੁੰਦੀ
ਜੇ ਮੈਂ ਮੰਜ਼ਿਲ ਹੁੰਦੀ ਤੇ ਮੈਂ ਹੀ ਰਾਹ ਹੁੰਦੀ,

ਸੁਗਮ ਬਡਿਆਲ✨

ਇੱਕ ਜਾਮੀ ikk Zaami

 

ਕਵਿਤਾ ਲਿਖ ਕੇ ਜਾਮੀ ਆਪਣੇ ਦਿਲ ਨੂੰ,
ਹੌਲਾ ਕਰਦਾ ਵਿਖਾਈ ਦਿੰਦਾ ਹੈ,
ਕੁਝ ਹਾਲਤਾਂ ਨੂੰ ਖਿੱਝਦਾ ਹੈ,
ਕੁਝ ਆਪਣੇ ਆਪ ਦੀ ਹਾਲਤ ਕਹਿੰਦਾ ਹੈ।

ਗੂੰਗੇ, ਕੋਰੇ ਪੰਨਿਆਂ ਉੱਤੇ ਮੱਧਦਾ ਵਿਖਾਈ ਦਿੰਦਾ ਹੈ,
ਉਮੀਦ ਨੂੰ ਹੱਥਾਂ ਉੱਤੇ ਚੁੱਕੀ ਇੱਕ ਲੋਅ ਵਾਂਗ
ਬੇਵੱਸੀ ਦੇ ਹਨ੍ਹੇਰ ਨੂੰ ਲੱਭਦਾ ਫਿਰਦਾ ਹੈ।

ਅੱਖਰ - ਅੱਖਰ, ਲਫ਼ਜ਼ - ਲਫ਼ਜ਼,
ਵਾਕ ਵਾਕ ਦੇ ਤੰਦ ਬੁਣਦਾ,
ਕਿਤੇ ਉਧੇੜ ਤੰਦਾਂ ਫਿਰ ਤੋਂ ਤੋਪੇ ਭਰਦਾ ਹੈ,
ਲਫ਼ਜ਼ਾਂ ਵਿੱਚ ਸਫ਼ਰ ਕਰਦਾ, ਆਪ ਰੋਂਦਾ
ਅਤੇ ਆਪੇ ਚੁੱਪ ਕਰਾਉਂਦਾ ਦਿੱਸਦਾ ਹੈ।

ਤੇ ਮੈਂ ਵੀ... ਕੁਝ ਇੰਝ ਹੀ
ਕਵਿਤਾ ਦੀ ਚੋਟੀ ਉੱਤੇ ਖਲੋ
ਆਪਣੇ ਦਿਲ ਦਾ ਬੋਝ ਕਾਗਜ਼ਾਂ ਉੱਤੇ ਪਾ
ਹੇਠਾਂ ਦੂਰ ਧੱਕਦੀ ਫਿਰਦੀ ਹਾਂ,
ਕੁਝ ਚੰਗੇ ਹਲਾਤਾਂ ਦੀ
ਖਵਾਹਿਸ਼ ਏ ਦੀਦ ਕਰਦੀ ਫਿਰਦੀ ਹਾਂ।

ਸੁਗਮ ਬਡਿਆਲ🌻

ਕਣ ਕਣ ਏਕ ਓਅੰਕਾਰ' Kan kan Ek Onkaar

 ਸੋਚਣ ਨੂੰ ਜ਼ਰੀਆ ਮਿਲੇ,

ਲਿਖਣ ਨੂੰ ਕਲਮ,


ਕਮਾਲ ਵਕਤ ਮਿਲੇ,

ਜੋੜਨ ਨੂੰ ਲਮਹੇ ਖਾਸ,


ਸਬਰ ਦੀ ਠੋਕਰ ਮਿਲੇ,

ਸਹਿਣ ਨੂੰ ਤਾਕਤ,


ਕਲਮ ਨੂੰ ਦੁਆ ਮਿਲੇ,

ਖੁਬਸੂਰਤ ਖਿਆਲ,


ਈਰਖਾ ਨੂੰ ਮਾਤ ਮਿਲੇ,

ਪਿਆਰ ਨੂੰ ਪਰਵਾਹ,


ਰਜਿਆਂ ਨੂੰ ਸਬਰ ਮਿਲੇ,

ਭੁੱਖਿਆਂ ਨੂੰ ਤ੍ਰਿਪਤੀ,


ਚਿੰਤਾ ਨੂੰ ਆਰਾਮ ਮਿਲੇ,

ਦਰਦ ਨੂੰ ਹਮਦਰਦ,


ਮਿੱਟੀ ਨੂੰ ਆਕਾਰ ਮਿਲੇ,

ਕਣ - ਕਣ ਨੂੰ ਢੇਰੀ,


ਮੰਜ਼ਿਲ ਏ ਯਕੀਨ ਮਿਲੇ,

ਸੋਹਣੇ ਸਫ਼ਰ ਦੀ ਤਪਿਸ਼,


ਗਿਆਨ ਨੂੰ ਧਿਆਨ ਮਿਲੇ,

ਧਿਆਨ ਨੂੰ ਬ੍ਰਹਿਮੰਡ ਦਾ ਪ੍ਰਕਾਸ਼,


ਕੁਦਰਤ 'ਚ ਸਕੂਨ ਮਿਲੇ,

ਕਣ ਕਣ ' ਏਕ ਓਅੰਕਾਰ'


ਸੁਗਮ ਬਡਿਆਲ

April 16, 2021

Dil De Khayal ਦਿਲ ਦੇ ਖਿਆਲ

ਪਾਣੀਆਂ ਵਾਂਗ ਵਹਿੰਦੇ ਰਹਿ
'ਦਿਲਾ' ਤੂੰ ਜਜ਼ਬਾਤਾਂ ਨੂੰ ਨਾਲ  ਲੈ ਕੇ,

ਸੁਣਦਾ ਰਹਿ, ਹੱਸਦਾ ਰਹਿ
ਬੇਫਿਕਰ ਰਹਿ ਦੁਨੀਆਂ ਦੀ ਗੱਲਾਂ ਬਾਤਾਂ ਤੋਂ,

ਰੁੱਸਦਾ ਰਹਿ, ਫ਼ੇਰ ਮਨਾਉਂਦਾ ਰਹਿ
ਮੌਸਮਾਂ ਵਾਂਗ ਰਹਿ ਬਦਲ - ਬਦਲ ਖੇਡ ਖੇਡਦਾ,

ਰੌਸ਼ਨੀ ਨਾਲ ਗੱਲ ਕਰ
ਕਦੇ ਨੇੵਰਾ ਜੇ ਹੋਜੇ, ਪੱਕਾ ਜਿਹਾ ਹੋ ਜਾ ਇਮਾਰਤ ਬਣਕੇ,

ਵਹਿੰਦਾ ਰਹਿ ਕੁੱਲ ਖਿਆਲਾਂ ਨੂੰ ਮੰਨਾ ਕੇ
ਤੁਰਦਾ ਰਹਿ ਆਪਣੀ ਸੋਹਣੀ ਕਿਸਮਤ ਬਣਾ ਕੇ,

ਗਾਉਂਦਾ ਰਹਿ ਤੂੰ ਗਜ਼ਲਾਂ ਇਸ਼ਕੇ ਦੀਆਂ
ਤੁਰਦਾ ਰਹਿ ਰਾਹੋਂ ਰਾਹੀਂ ਬੇਸੁੱਧ ਫਕੀਰ ਬਣ ਕੇ,

ਸੱਜਦਾ ਰਹਿ ਦਿਲਾ ਸੋਹਣੀ ਕਾਇਨਾਤ ਬਣਕੇ
ਵਹਿੰਦਾ ਰਹਿ ਤੂੰ ਮੇਰੀਆਂ ਕਲਮਾਂ ਦੀ ਸਿਆਹੀ ਬਣਕੇ,

ਲੈਂਦਾ ਰਹਿ ਅੰਗੜਾਈਆਂ ਜਿਵੇਂ
ਸਵੇਰ ਦੀਆਂ ਨਿੰਦਰਾਂ ਤੋਂ ਉੱਠਕੇ ਨਵੀਂ ਸਵੇਰ ਬਣਕੇ,

ਵਹਿੰਦਾ ਰਹਿ ਤੂੰ ਠੰਡੇ ਪਾਣੀਆਂ ਵਾਂਗ
ਮੇਰੀ ਰੂਹ ਨੂੰ ਸੱਚੇ ਅਹਿਸਾਸ ਕਰਵਾਉਂਦਾ ਰਹਿ
ਹਰ ਵਕਤ ਪਿਆਸ ਬਣ ਕੇ,

ਸੁਗਮ ਬਡਿਆਲ

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...