Showing posts with label Sufi Poetry. Show all posts
Showing posts with label Sufi Poetry. Show all posts

February 08, 2023

ਦਰਿਆ ਬਿਮਾਰ ਹਨ Dariya Bimar Han

 ਇਸ ਦਰਿਆ ਦਾ ਹਾਲ ਪੁੱਛੋ

ਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋ

ਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾ

ਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।


ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂ

ਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?

ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,

ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।


ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,

ਰੁਕ ਕੇ ਸਾਰ ਤਾਂ ਪੁੱਛੋ।


ਸੁਗਮ ਬਡਿਆਲ

August 13, 2022

Adhi kalam di Syaahi ਅੱਧੀ ਕਲਮ ਦੀ ਸਿਆਹੀ

 ਅੱਧੀ ਕਲਮ ਦੀ ਸਿਆਹੀ

ਤੇ ਅੱਧੀ ਰਹੀ ਜਿੰਦਗੀ ਨੂੰ

ਹੁਣ ਲਿਖਣ ਨੂੰ ਬਹੁਤ ਦਿਲ ਕੀਤਾ,

ਬਿਨ ਰੁਕਿਆਂ ਬਸ, ਤੇਰੇ ਨਾਂ ' ਤੇ

ਵੱਡਾ ਸਾਰਾ ਖ਼ਤ ਲਿਖਣ ਨੂੰ ਚਿੱਕ ਕੀਤਾ,

ਸਿਆਹੀ ਕਲਮ ਦੀ ਮੁੱਕਣ ਤੋਂ ਪਹਿਲਾਂ ਪਹਿਲਾਂ

ਪੰਨਿਆਂ ਵਿੱਚ ਤੇਰੇ ਨਾਲ ਡੁੱਬਣ ਨੂੰ ਦਿਲ ਕੀਤਾ,


ਕਹਾਂ ਕਿ ਨਈਂ, ਪਰ ਤੇਰੇ ਤੋਂ ਬਿਨਾਂ ਕਦੇ

ਕਿਤੇ ਖੇਡ, ਹੱਸਣ - ਰੁੱਸਣ ਨੂੰ ਨਈਂਓ ਦਿਲ ਕੀਤਾ,

ਤੇਰੇ ਪਰਛਾਵਿਆਂ ਨਾਲ ਤੁਰਦੇ ਰਹੇ,

ਕਦੇ ਕਿਸੇ ਨੂੰ ਆਪਣੀ ਰੂਹ ਨੂੰ ਮੱਲਣ ਦਾ,

ਅਹਿਸਾਸ, ਹੱਕ ਕਦੇ ਨਾ ਦਿੱਤਾ।


ਮੇਰੇ ਨਾਲ ਕੋਈ ਨਹੀਂ ਖੜ੍ਹਦਾ,

ਪਰ ਮੇਰੇ ਨਾਲ ਮੇਰੇ ਅੰਦਰ ਤੇਰਾ ਅਹਿਸਾਸ,

ਰੋਜ਼ ਹੱਥ ਫ਼ੜਕੇ ਬਹਿੰਦਾ, ਖੜ੍ਹਦਾ, ਤੁਰਦਾ,

ਰਾਹ ਸੁੰਨਮ ਸਾਨਾਂ 'ਤੇ

ਡਰਦੇ ਮਸਾਨਾਂ ਦੇ, ਰੂਹ ਤੇਰੀ ਨੂੰ,

ਸਰੀਰ ਵਿੱਚੋਂ ਜਾਣ ਦਾ ਹੱਕ ਨਾ ਦਿੱਤਾ,

ਮੇਰੀ ਬੰਦਿਸ਼ਾਂ ਕਰਕੇ ਕਿਤੇ ਰੁੱਸ ਤਾਂ ਨਈਓ ਗਿਆ

ਮੈਂ ਤਾਂ ਹੱਕ ਨਾਲ ਤੈਨੂੰ ਪਿਆਰ ਕੀਤਾ।


ਸਿਆਹੀ ਮੁੱਕੀ, ਤੇ ਮੇਰਾ ਖ਼ਤ ਵੀ ਤੇਰੇ ਨਾਂ

ਪੂਰਾ ਲਿਖ ਦਿੱਤਾ।


ਸੁਗਮ ਬਡਿਆਲ🌙

July 24, 2022

Raah di kismat

 𝓓𝓮𝓼𝓽𝓲𝓷𝔂 𝓸𝓯 𝓮𝓿𝓮𝓻𝔂 𝓹𝓪𝓽𝓱 .


ਹਰ ਰਾਹ ਦੀ ਕਿਸਮਤ

ਹਰ ਰਾਹ ਤੋਂ ਹਰ ਕੋਈ

ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ

ਧਰਤ ਨਹੀਂ ਖੰਗਾਲਦਾ,

ਬਿਨ ਪਾਣੀ ਦੇ ਤਪਦੀ

ਮਿੱਟੀ ਰੇਤ ਹੁੰਦੀ,

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ

ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ,

ਸ਼ਾਹ ਕਾਲੇ ਹਨ੍ਹੇਰ ਬਣ ਆਵਣ,

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ,

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ

Ik chupp ne

 ਇੱਕ ਚੁੱਪ ਨੇ...


ਇੱਕ ਚੁੱਪ ਨੇ ਕਿੰਨੇ ਬਵਾਲ ਕਰ ਦਿੱਤੇ,

ਕਿਸੇ ਦਾ ਹੌਂਸਲਾ ਵਧਾ ਦਿੱਤਾ,

ਕਿਸੇ ਨੇ ਗੁਨਾਹ ਕਮਾ ਦਿੱਤਾ,

ਇੱਕ ਚੁੱਪ ਨੇ ਤੀਲੀ ਦਾ ਕੰਮ ਦਿੱਤਾ,

ਜ਼ਿੰਦਗੀ ਦੀ ਧਰਤ 'ਤੇ ਸਮਸ਼ਾਨ ਬਣਾ ਦਿੱਤਾ,

ਇੱਕ ਚੁੱਪ ਨੇ ਸਾਮ੍ਹਣੇ ਖੜੇ ਬੰਦੇ ਦਾ

ਹੌਂਸਲਾ ਵਧਾ ਦਿੱਤਾ।

ਕਦੇ, ਇੱਕ ਚੁੱਪ ਨੇ ਚੁੱਪ ਕੀਤੇ ਬੋਲ

ਕਵਿਤਾਵਾਂ ਦੇ ਹਵਾਲੇ ਕਰ ਨਚਾ ਦਿੱਤਾ

ਫ਼ੇਰ ਕੋਈ ਦੱਸੇ...,

ਕਿੰਨਾ ਸ਼ੋਰ ਹੋਇਆ?.. 


ਸੁਗਮ ਬਡਿਆਲ



July 21, 2022

Hope ਆਸ

 ਆਸ : Hope


ਰਹਿੰਦੀ ਜ਼ਿੰਦਗੀ ਨੂੰ ਜੋੜੀ ਰੱਖਣ ਦਾ ਭਰਮ

ਭਰਮ ਵਿੱਚ ਸਦੀਆਂ ਨਿਕਲ ਜਾਂਦੀਆਂ ਨੇ

ਸਦੀਆਂ ਬਾਅਦ ਵੀ ਕਹਾਣੀਆਂ ਦੇ

ਪੂਰਨ ਹੋਣ ਦੀ ' ਆਸ' ,

'ਆਸ' ਜ਼ਿੰਦਗੀ ਨੂੰ ਸੁਪਨੇ ਵਿਖਾਈ ਜਾ ਰਹੀ ਹੈ,

ਸੁਪਨਿਆਂ ਦੀ ਆਸ ਵਿੱਚ ਹੀ ਹਕੀਕਤ

ਪਨਪ ਰਹੀ ਹੈ,

ਪਨਪਦੇ ਅਣਗਿਣਤ,

ਅਣਕਹੇ ਸੁਪਨੇ ਜਜ਼ਬਾਤਾਂ ਦੇ ਤੀਰ

ਤਿੱਖੇ, ਹੋਰ ਤਿੱਖੇ ਕਰੀ ਜਾ ਰਹੇ ਨੇ,

ਤਿੱਖੀ ਧਾਰ ਸੁਪਨੇ ਦਾ ਪਰਦਾ ਚੀਰ ਕੇ

ਕੁਝ ਹਕੀਕਤ ਬਣ ਰਹੇ ਹਨ

ਕੁਝ ਸਿਰਫ਼ ਚੱਲਦਾ - ਫਿਰਦਾ ਅਹਿਸਾਸ,

ਉੱਕਾ ਅਹਿਸਾਸ, ਬੇਮਤਲਬਾ,

ਸਿਰਫ਼ ਸੁਪਨੇ ਦਾ ਸੁਪਨਾ ਹੀ,

ਪਰ ਫ਼ੇਰ ਕਦੇ ਨਾ ਕਦੇ ਕਿਸੇ ਦੇ ਆਣ

ਢੁੱਕਣ ਦੀ ਆਸ ਬਰਕਰਾਰ ਹੈ,

ਪਤਾ ਨੀ? ਕਿਹੜੇ ਪਾਸੇ,

ਕਿਧਰੇ ਤਾਂ ਹੈ, ਆਸ - ਪਾਸ।


ਸੁਗਮ ਬਡਿਆਲ



June 06, 2022

Path ਰਾਹ

 ਕਈ ਰਾਹ ਐਸੇ ਹੁੰਦੇ ਹਨ ਕਿ ਕਦੇ ਨਹੀਂ ਮੁੱਕਦੇ। ਜਿੱਥੇ ਲੱਗਣ ਲੱਗਦਾ ਹੈ ਕਿ ਬਸ! ਹੁਣ ਖਤਮ ਹੋਣ ਵਾਲਾ ਹੈ, ਉੱਥੇ ਹੀ ਮੋੜ ਤੋਂ ਫ਼ੇਰ ਰਾਹ ਦਾ ਇੱਕ ਹੋਰ ਸਿਰਾ ਸ਼ੁਰੂ ਹੋ ਜਾਂਦਾ ਹੈ। ਜਿੰਦਗੀ ਹੈ, ਭਾਵੇਂ ਰਾਹ ਹੈ, ਦੋਵੇਂ ਜਦੋਂ ਇੱਕ ਰਾਹ ਉੱਤੇ ਤੁਰਨਾ ਸ਼ੁਰੂ ਕਰਦੇ ਹਨ, ਤਾਂ ਮਿੱਟੀ- ਧੂੜ, ਕਦੇ ਪੱਕੀ ਬਜਰੀ - ਸੀਮਿੰਟ ਲੁੱਕ ਦੇ ਰਾਹ ਵਰਗੀ ਸਖਤ ਨਿਕਲਦੀ ਹੈ, ਕਦੇ ਜ਼ਿੰਦਗੀ ਸਸਪੈਂਸ, ਮੋੜ ਤੋਂ ਫ਼ੇਰ ਮੋੜ ਵਰਗੀ, ਕਦੇ ਤੇਜ਼ ਰਫ਼ਤਾਰ ਨਾਲ ਚੱਲਦੇ ਵਾਹਨਾਂ ਵਰਗੀ ਜ਼ਿੰਦਗੀ ਹੋ ਗੁਜ਼ਰਦੀ ਹੈ। ਜਿੱਥੇ ਖਲੋ ਕੇ ਇੱਕ ਮਿੰਟ ਵੀ ਜੇਕਰ ਖੜ੍ਹ ਕੇ ਸੋਚਣ ਦੀ ਸੋਚਾਂ, ਤਾਂ ਇਹ ਮੁਮਕਿਨ ਨਹੀਂ ਹੈ। ਪਾਣੀ ਦੇ ਵਹਾਅ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਇਹ ਆਪਣੇ ਆਪ ਨੂੰ ਵਾਧੂ, ਫਾਲਤੂ ਦੀ ਮਿਹਨਤ ਵਿੱਚ ਪਾਉਣ ਵਾਲਾ ਕੰਮ ਹੈ, ਜਿਸਦਾ ਰਿਜ਼ਲਟ ਕਿ ਵੇਗ ਉੱਤੇ ਉਲਟ ਹੱਥ- ਪੈਰਾਂ ਮਾਰਨਾ ਬੇਵਕੂਫ਼ੀ ਹੈ। ਇਸ ਔਪਸ਼ਨ ਦੇ ਉਲਟ ਵੀ ਦੋ ਔਪਸ਼ਨ ਹਨ - ਜਾਂ ਆਪਣੇ ਆਪ ਨੂੰ ਜ਼ਿੰਦਗੀ ਤੇ ਦੁਨੀਆਦਾਰੀ ਦੇ ਵੇਗ ਸਹਾਰੇ ਛੱਡ ਦੇਣਾ, ਜਾਂ ਉਸ ਵੇਗ ਨਾਲ ਤੁਰਨਾ, ਪਰ ਆਪਣੇ ਹੱਥਾਂ ਪੈਰਾਂ ਦਾ ਚੱਪਾ ਬਣਾ ਕੇ ਰਾਹ ਵਿੱਚ ਆਉਂਦੇ ਝਾੜ, ਚੱਟਾਨਾਂ ਤੋਂ ਬਚਾਉਣਾ ਵੀ, ਅੱਖਾਂ ਬੰਦ ਕਰਕੇ ਪਾਣੀ ਦੇ ਵੇਗ ਉੱਤੇ ਵੀ ਭਰੋਸਾ ਨਹੀਂ ਕਰਨਾ।


ਕੁਝ ਰਾਹ ਇੰਨੇ ਲੰਮਾ ਹੋ ਜਾਂਦੇ ਨੇ ਕਿ ਤੁਰਦੇ ਤੁਰਦੇ ਹੁਣ ਇਹੀ ਭਰਮ ਹੋਣ ਲੱਗਿਆ ਹੈ ਕਿ ਕਿਤੇ ਮੈਂ ਸਿੱਧੇ ਰਾਹ ਦੀ ਬਜਾਏ ਕਿਸੇ ਗੋਲੇ ਵਿੱਚ ਹੀ ਤਾਂ ਨਹੀਂ ਘੁੰਮੀ ਜਾ ਰਹੀ। ਕਿਉਂਕਿ ਸਾਰਾ ਕੁਝ ਓਹੀ ਹੈ ਨਕਸ਼। ਕੁਝ ਦੂਰੀ ਉੱਤੇ ਜਾਕੇ ਮੌਸਮ, ਰੁੱਤਾਂ, ਸੁਭਾਅ, ਨੈਣ ਨਕਸ਼, ਲੋਕ, ਫੁੱਲ ਬੂਟੇ, ਰੁੱਖ ਬਦਲਦੇ ਹਨ ਅਤੇ ਸੋਚਣ ਤੇ ਸਮਝਣ ਅਤੇ ਮਹਿਸੂਸ ਕਰਨ ਦੇ ਢੰਗ ਵੀ....।


ਹਰ ਰਾਹ ਤੋਂ ਹਰ ਕੋਈ ਮੰਜ਼ਿਲ ਭਾਲਦਾ ਹੈ,

ਕਦੇ ਮਿੱਟੀ ਸਨੇ ਪੈਰਾਂ ਹੇਠਾਂ ਧਰਤ ਨਹੀਂ ਖੰਗਾਲਦਾ

ਬਿਨ ਪਾਣੀ ਦੇ ਤਪਦੀ ਮਿੱਟੀ ਰੇਤ ਹੁੰਦੀ

ਕਿਉਂ ਨੀ ਕੋਈ ਮਿੱਟੀ ਮਿੱਟੀ ਦਾ ਫ਼ਰਕ ਪਛਾਣਦਾ,

ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ

ਕਿੰਨਾ ਕਿੰਨਾ ਫ਼ਰਕ ਏ

ਸ਼ਾਹ ਕਾਲੇ ਹਨ੍ਹੇਰ ਬਣ ਆਵਣ

ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ

ਦਿਲ ਨੂੰ ਆਪਣਾ ਦਿਲ ਦੇ ਜਾਵਣ।


ਸੁਗਮ ਬਡਿਆਲ🌙🌻


February 10, 2022

Hond Sach ਹੋਂਦ ਸੱਚ

 

ਨਿਰੰਕਾਰ ਸੱਚ.
ਅਵਾਜ਼ ਸੱਚ.
ਕਾਲ ਸੱਚ.
ਅਕਲ ਸੱਚ.
ਅਕਾਲ ਸੱਚ.
ਗਿਆਨ ਸੱਚ.
ਗਿਆਨਵਾਨ ਸੱਚ.
ਰੂਹਾਨੀ ਸੱਚ.
ਅਕਾਰ ਸੱਚ.
ਇਨਸਾਨੀ ਸੱਚ.
ਗਹਿਰਾਈ ਸੱਚ.
ਦੁਆ ਸੱਚ.
ਕੁਦਰਤ ਸੱਚ.
ਬ੍ਰਹਿਮੰਡ ਦਾ
ਵਿਗਿਆਨ ਸੱਚ.
ਹਰ ਹਰਫ਼ 'ਚ ਅਰਥ
ਤਾਲੀਮ ਸੱਚ.
ਗ੍ਰਹਿ ਸੱਚ.
ਅਸਮਾਨ ਸੱਚ.
ਪਤਾਲ ਸੱਚ.
ਪਾਣੀਆਂ ਦੇ
ਵਹਾਅ ਵਿੱਚ
ਤੀਬਰਤਾ ਸੱਚ.
ਸਵੇਰ ਸੱਚ.
ਹਨ੍ਹੇਰ ਸੱਚ.
ਸੂਰਜ ਚੰਨ ਸੱਚ.
ਅਗਨੀ ਤਾਪ ਸੱਚ.
ਨਿਰਜੀਵ ਦੀ ਹੋਂਦ ਤੇ
ਰੱਬੀ ਮਿਹਰ ਸੱਚ.
ਫ਼ੇਰ ਵੀ ਫ਼ਕੀਰ ਕਹਿ ਗਏ
ਸੰਸਾਰ ਇੱਕ ਸੁਪਨਾ
ਹੈ ਹੀ ਨਹੀਂ ਕੋਈ ਸੱਚ।

_____ ___ ਸੁਗਮ ਬਡਿਆਲ

February 02, 2022

Tareef


ਆਪਣੀ ਤਰੀਫ਼ ਆਪ ਕਰਨ ਦਾ ਜੱਟਾ ਸਾਨੂੰ ਸੌਂਕ ਕੋਈ ਨਾ,
ਕਹਿਣਗੇ ਚੰਨ - ਤਾਰੇ, ਸਾਡੇ ਉੱਤੇ ਦੁਨੀਆਂ ਆਸ਼ਿਕ
ਸਾਨੂੰ ਇਸ਼ਕ ਕਚਿਹਰੀਓ ਕਦੇ ਵਿਹਲ ਹੋਈ ਨਾ,

ਸੁਗਮ ਬਡਿਆਲ

January 28, 2022

Sach de sirhaane ਸੱਚ ਦੇ ਸਿਰਹਾਨੇ



ਝੂਠ ਸੱਚ ਵਾਂਗ ਬੋਲਦਾ ਏ
ਬੜੇ ਜੋਸ਼ ਨਾਲ
ਸੱਚ ਦੇ ਸਿਰਹਾਨੇ
ਮੌਨ ਗੱਡਦਾ ਏ,

ਮਾਚਸ ਦੀ ਤੀਲ ਵਾਂਗ
ਪਹਿਲਾਂ ਖੂਬ ਰੋਸ਼ਨ ਹੁੰਦਾ ਏ
ਫ਼ੇਰ ਕਦੇ ਤਾਂ ਅਖੀਰ 'ਚ
ਸਰੀਰ ਚੋਂ ਰੂਹ ਵਾਂਗ ਬੁੱਝਦਾ ਏ,

ਆਖਰੀ ਚੁੱਪ ਤੋਂ ਬਾਦ
ਸੱਚ ਕਿਸੇ ਦੱਬੇ ਚਸ਼ਮੇ ਵਾਂਗਾਂ
ਬਿਨ ਤਲਾਸ਼ ਕਿਤੇ ਵੀ ਫੁੱਟਦਾ ਏ,

ਝੂਠ ਚਸ਼ਮੇ ਵਿੱਚ ਜਾ
ਫ਼ੇਰ ਬੁੱਝਦਾ ਏ
ਸੱਚ, ਝੂਠ ਨਹੀਂ ਸੀ ਬੋਲਦਾ
ਆਖੀਰ! ਮਸਲਾ
ਖੁੱਲ੍ਹਦਾ ਏ।

ਸੁਗਮ ਬਡਿਆਲ

January 26, 2022

Koi rooh ਕੋਈ ਰੂਹ


 ਅੱਗ ਵਾਲ਼ ਦਿੰਦੀ ਏ

ਕੋਈ ਕਹਾਣੀ ਐਸੀ

ਜਦ ਕਾਇਨਾਤ ਲਿਖੇ,

ਇੱਕ ਗੋਲੇ ਦੀ ਧਰਤ ਉੱਤੇ

ਆਦਮ ਜਾਤ ਜਿਹੀ

ਆਮ ਪੈਦਾ ਹੋਈ ਏ,

ਰਿਹੱਸ ਕੁਦਰਤ

ਹੌਲੀ- ਹੌਲੀ ਆਪੇ

ਰਚਦੀ ਤੇ ਭਰਮਾਉਦੀ ਏ,


ਪਤਾ ਹੈ ਕਿ

ਜੋਤ ਦੀ ਲਾਟ

ਵਲ਼ਦੀ - ਵਲ਼ਦੀ

ਜੰਗਲ ਜਲਾ ਸੁੱਟੇਗੀ,

ਦੀਵੇ ਦੀ ਬੁੱਕਲ ਵਿੱਚ

ਜੋਤ ਦਿਸ਼ਾ ਵੱਲ ਤੁਰੇ,

ਕਿੱਥੇ ਜੱਗਣਾ ਹੈ,

ਕਿੱਥੇ ਮੱਧਮ ਪੈ ਕੇ

ਰਾਤ ਨੂੰ ਚਾਨਣ ਦੀਆਂ

ਰਿਸ਼ਮਾਂ 'ਚ ਲਿਪਟਣ

ਦੇਣਾ ਹੈ,

ਲਾਟ ਨੂੰ ਲਾਟ ਆਪੇ

ਵਾਲ਼ ਸੁੱਟੇਗੀ,


ਕਦੇ ਉਹ ਲਾਟ ਦੀਵੇ ਵਿੱਚ

ਸਜ਼ਾ ਕੇ ਖੂਬਸੂਰਤ ਹੋਣ ਦਾ

ਅਹਿਸਾਸ ਕਰਾਏਗੀ,

ਪਤਾ ਵੀ ਨਹੀਂ

ਕਦੋਂ ਮੇਰੀਆਂ ਅੱਖਾਂ ਵਿੱਚ

ਵਲਦੀ ਲਾਟ ਤੋਂ ਰੂਹ

ਨਿਕਲ ਜਾਵੇਗੀ?


ਪਾਪੀ ਸੀ ਕਿ ਪਵਿੱਤਰ

ਕਿਹੜੀ ਲਾਟ

ਕਿਸ ਨਾਲ ਮਿਲ

ਰੂਹ ਦੀ ਸੁਲਾਹ ਸਲਾਹ

ਨਜਿੱਠ ਲਾਟ ਬੁਝਾ ਦੇਵੇਗੀ?


ਸੁਗਮ ਬਡਿਆਲ


Duniya layi akaar ਦੁਨੀਆਂ ਲਈ ਆਕਾਰ

 

ਮੈਂ ਦੁਨੀਆਂ ਲਈ ਉਹਨਾਂ ਵਰਗਾ 'ਆਪ' ਸਿਰਜਿਆ ਹੈ।
ਅਤੇ ਆਪਣੇ ਲਈ ਸਿਰਫ਼ ਮੇਰੇ ਵਰਗਾ ਇੱਕਲਾ 'ਆਪ,
.
ਜਿੱਥੇ ਮੇਰੇ ਤੇ ਮੇਰੇ ਦਰਮਿਆਨ ਦੁਨੀਆਂ ਦਾ ਸ਼ੋਰ ਨਹੀਂ,
ਸੋਗ ਨਹੀਂ, ਹਾਸਾ ਨਹੀਂ, ਆਵਾਜ਼ ਨਹੀਂ ਹੈ,
.
ਮੈਂ ਹੀ ਹਾਂ, ਅਸੀਮ ਚੁੱਪ, ਕੋਈ ਲਫ਼ਜ਼ ਨਹੀਂ,
ਅਵਾਜ਼ ਨਹੀਂ, ਗੁੱਸਾ ਨਹੀਂ, ਹਾਸਾ ਨਹੀਂ, ਮਖੌਲ ਨਹੀਂ,
.
ਕਿਸੇ ਹੋਰ ਬਾਰੇ ਕੋਈ ਸੋਚ ਜ਼ਿਹਨ ਦੇ ਕੋਲੋਂ ਨਹੀਂ ਗੁਜ਼ਰੇਗੀ, ਸਿਰਫ਼ ਇੱਕ ਮੈਂ, ਬੈਠੀ ਬਿਠਾਈ ਇੱਕ ਥਾਂ ਉੱਤੇ,
.
ਪੈਰ ਨਹੀਂ, ਕੋਈ ਖੰਭ ਨਹੀਂ, ਫ਼ੇਰ ਵੀ ਉੱਡ ਰਹੀਂ ਹਾਂ,
ਹੌਲੀ ਹੌਲੀ ਹਨੇਰੇ ਵੱਲ ਕੋਈ ਲੋਅ ਵੱਧ ਰਹੀ ਹੈ,
.
ਸਿਰਫ਼ ਤਦੋਂ ਤੱਕ ਹੀ ਉਹ ਮੇਰੇ ਵੱਲ ਵਧੇਗੀ,
ਜਦੋਂ ਤੱਕ ਮੈਂ ਆਪਣੇ ਆਪ ਵਿੱਚ ਹਾਂ,
.
ਦੁਨੀਆਂ, ਉਸ ਲਈ ਹਨੇਰ ਕੋਠੜੀ ਹੈ,
ਭਾਵੇਂ ਉਹ ਪ੍ਰਕਾਸ਼ ਲੱਖਾਂ ਸੂਰਜਾਂ ਨਾਲ ਦਾ ਹੈ,
ਪਰ!
.
ਜਿੱਥੇ ਸ਼ਾਇਦ ਉਸ ਦਾ ਅਥਾਂਹ ਚਾਨਣ
ਦੁਨੀਆਂ ਦਾ ਕਾਲ ਨਿਗਲ ਲਏਗਾ,
.
ਮੇਰੀ ਇਕਾਗਰਤਾ ਭੰਗੀ ਜਾਵੇਗੀ,
ਆਪਣੇ 'ਆਪ' ਤੋਂ ਦੂਰ ਹੋ ਸਕਦਾ ਹਾਂ।

ਸੁਗਮ ਬਡਿਆਲ🌻

Home

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪ...