ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ"
ਅੱਜ ਕੱਲ੍ਹ ਦਾ ਜਮਾਨਾ ਤਾਂ ਮਿਲ ਕੇ ਚੱਲਣ ਦਾ ਆ,
ਪਰ ਅਜੇ ਵੀ ਕਈਆਂ ਦੇ ਦਿਮਾਗ 'ਚ
"ਔਰਤਾਂ ਦੇ ਕੰਮ" ਅਤੇ "ਮਰਦ ਦੀ ਈਗੋ" ਵੱਸਦੀ ਹੈ।
"ਇਹ ਔਰਤਾਂ ਦੇ ਕੰਮ ਨੇ", "ਮਰਦ ਨਹੀਂ ਕਰੇਗਾ",
ਕੋਈ ਮੁੰਡੇ ਦੇ ਹੱਥ ਚ ਬਰਤਨ ਦੇਖੇਗਾ, ਕੀ ਕਹੇਗਾ,
ਨਾਲ ਮਿਲਕੇ ਉਹ ਕੱਪੜੇ ਛੱਤ ਤੇ ਸੁਕਾਏਗਾ, ਕੋਈ ਕੀ ਕਹੇਗਾ,
ਹਾਲੇ ਵੀ ਇਹ ਅਹੰਕਾਰ ਕਈਆਂ ਦੇ ਮਨ ਵੱਸਦੇ ਹਨ।
ਫਿਰ ਕਹਿੰਦੇ ਨੇ –
"ਸਾਡੀ ਔਲਾਦ ਸਾਨੂੰ ਪਾਣੀ ਨਹੀਂ ਪੁੱਛਦੀ…"
"ਕੀ ਤੁਸੀਂ ਕਦੇ ਆਪਣੇ ਪੁੱਤ ਨੂੰ ਸਿਖਾਇਆ ਸੀ?
ਮਾਂ ਨੂੰ ਜੇ ਧੀ ਦੀ ਥਾਂ ਉੱਠ ਕੇ ਪੁੱਤ ਨੇ ਪਾਣੀ ਪਿਲਾਇਆ
ਤਾਂ ਮਰਦਾਨਗੀ ਦੀ ਤੋਹਮਤ ਨਹੀਂ ਹੋਵੇਗੀ,"
'ਜੇ ਆਪਣੇ ਘਰ ਦੀ ਔਰਤ ਨਾਲ ਕੰਮ ਕਰਾਉਣ ਵਿਚ
ਸ਼ਰਮ ਮਹਿਸੂਸ ਹੋ ਰਹੀ ਹੈ , ਤਾਂ ਪੱਕੀ ਰੋਟੀ ਖਾਂਦੇ ਵੀ ਕਰੋ',
ਮਰਦ 9 ਤੋਂ 6 ਦੀ ਡਿਊਟੀ 'ਚ ਥੱਕ ਜਾਂਦਾ ਹੈ,
ਪਰ ਔਰਤ 9 ਤੋਂ 6 ਵੀ ਕੰਮ ਕਰਦੀ ਹੈ,
6 ਤੋਂ 9 ਵੀ ਸਿਰਫ਼ ਕੰਮ ਕਰਦੀ ਰਹਿੰਦੀ ਹੈ,
ਉਹ ਥੱਕਦੀ ਥੋੜ੍ਹੀ ਹੈ! ਉਹ ਮਸ਼ੀਨ ਹੈ,
ਨਾ ਓਹ ਕਹਿ ਸਕਦੀ ਹੈ, ਨਾ ਥੱਕ ਸਕਦੀ,
ਕਿਉਂਕਿ ਓਹ ਠਾਠ ਬਾਠ ਨਾਲ ਲਿਆਂਦੀ "ਨੌਕਰਾਣੀ" ਹੈ,
ਉਹ ਧੀ ਸਿਰਫ ਆਪਣੇ ਮਾਪਿਆਂ ਦੀ ਹੁੰਦੀ ਹੈ,
ਬਾਕੀ ਸਭ ਦੀਆਂ ਤਾਂ 'ਧੀ' ਕਹਿਣ ਦੀ ਗੱਲ ਹੈ,
ਬਾਕੀ ਨੂੰਹ. ਜਾਂ ਜੀਵਨਸਾਥੀ ਨਹੀਂ,
ਸਿਰਫ਼ ਪੋਤੇ ਪੋਤੀਆਂ ਦੀ ਮਾਂ ਬਣਨ ਲਈ ਚੁਣੀ ਜਾਂਦੀ ਹੈ,
ਜੇ ਕਹਿ ਦੇਵੇ – “ਮੈਂ ਥੱਕ ਗਈ ਹਾਂ”,
ਉਹਨੂੰ ਕਿਹਾ ਜਾਂਦਾ – “ਨੌਕਰੀ ਛੱਡ ਦੇ”,
ਏਹ ਬੋਲਣ ਤੇ ਹੀ ਬੁਰੀ ਲੱਗਣ ਲੱਗਦੀ ਹੈ,
ਜਦੋਂ ਤਕ ਨਹੀਂ ਕਿਹਾ 'ਚੰਗੀ ਹੈ '
ਪਰ ਇਹ ਨਹੀਂ ਕਿਹਾ ਜਾਂਦਾ –
"ਚਲ ਕੋਈ ਨਾ, ਅਸੀਂ ਤੇਰੇ ਨਾਲ ਖੜੇ ਹਾਂ,
ਜਿੱਥੇ ਤੂੰ ਥੱਕੀ, ਉੱਥੇ ਅਸੀਂ ਤੇਰਾ ਸਹਾਰਾ ਬਣਾਂਗੇ।”
ਉਹ ਲੰਬਾ ਸਫਰ ਤੈਅ ਕਰ ਹੀ ਨਹੀਂ ਸਕੇਗਾ
ਜੋ ਤੁਹਾਡੇ ਲਈ ਸਟੈਂਡ ਹੀ ਨਾ ਲੈ ਸਕੇ,
ਮਿਲ ਕੇ ਚੱਲਣ ਦੀ ਲੋੜ ਸਿਰਫ਼ ਰਾਹਾਂ ਲਈ ਨਹੀਂ,
ਘਰਾਂ ਵਿੱਚ ਵੀ ਬਰਾਬਰੀ ਦੀ ਲੋੜ ਹੈ।
ਸੁਗਮ ਬਡਿਆਲ 🌻