Translate

September 20, 2024

ਖਾਲੀਪਣ Khaalipun

ਇਹਨਾਂ ਅੱਖਾਂ ਵਿੱਚ ਅੱਜ ਕੋਈ ਕਹਾਣੀ ਨਹੀਂ ਸੁਣਾਉਣ ਨੂੰ
ਜਾਂ ਇੰਝ ਕਹਾਂ ਕਿ ਕਹਾਣੀ ਸੋਚੀ ਨਈਂ ਅਗਲੀ ਸਵੇਰ ਦੀ।

ਬੱਸ! ਖਾਲੀ ਬਰਤਨ ਨੂੰ ਖਾਲੀ ਰਹਿਣ ਦਿੱਤਾ
ਬੱਸ! ਭਰਨ ਨੂੰ ਦਿਲ ਨਈਂ ਕੀਤਾ।


ਸੁਗਮ ਬਡਿਆਲ

parchhawein

ਪਰਛਾਵੇਂ ਅਕਸਰ ਸਕੂਨ ਵੀ ਦਿੰਦੇ ਹਨ ਅਤੇ ਡਰਾਉਂਦੇ ਵੀ ਬਹੁਤ ਹਨ। ਜੇ ਕੋਈ 'ਉਮੀਦ' ਨਾਲ ਭਰਿਆ ਉਡੀਕਦਾ ਹੈ ਤਾਂ ਪਰਛਾਵਾਂ ਵੀ ਇਨਸਾਨ ਦੀ ਹੋਂਦ ਦਾ ਕਾਰਣ ਹੈ। ਜੇ ਪਰਛਾਵੇਂ ਵਿੱਚ ਤੁਸੀਂ ਖੇਡਣਾ ਸਿੱਖਿਆ ਹੈ ਤਾਂ ਇਹ ਤੁਹਾਡੇ ਦੋਸਤ ਹਨ, ਜੇ ਡਰਨਾ, ਤਾਂ ਇਹ ਤੁਹਾਡੇ ਅਤੀਤ ਤੇ ਭਵਿੱਖ ਵਿੱਚ ਜ਼ਹਿਰ।

ਜ਼ਿੰਦਗੀ ਜਿਉਣ ਦਾ ਢੰਗ ਕਿਸ ਨੇ ਤੁਹਾਨੂੰ ਸਿਖਾਇਆ ਹੈ, ਮਾਂ - ਬਾਪ? ਦੋਸਤਾਂ? ਟੀਚਰਜ਼? ਉਹ ਕਿਤਾਬ ਦਾ ਸਾਰ ਹਨ, ਅਧਿਐਨ ਕਰਨ ਵਿੱਚ ਇਹ ਸੋਚ ਬਣਾਉਣ, ਸੰਤੁਲਿਤ ਸੋਚ ਬਣਾਉਣ ਦਾ ਜ਼ਰੀਆ...। ਉਹ ਸਿਰਫ਼ ਜ਼ਿੰਦਗੀ ਦੀ ਦਹਲੀਜ਼ ਉੱਤੇ ਬੜੇ ਪਿਆਰ ਨਾਲ ਤੁਹਾਨੂੰ ਰਵਾਨਾ ਕਰਨ ਆਉਂਦੇ ਹਨ, ਦਹਲੀਜ਼ ਤੋਂ ਪਰਲੇ ਪਾਸੇ ਦੇ ਸਫ਼ਰ ਵਿੱਚ ਸਿਰਫ਼ ਤੁਸੀਂ ਹੀ ਜਾਣਾ ਹੈ। ਉੱਥੇ ਉਹ ਨਾਲ ਨਾਲ ਨਹੀਂ ਤੁਰਦੇ, ਬਾਹਰੋਂ ਹੀ ਅਵਾਜ਼ ਲਾ ਕੇ ਹੌਂਸਲਾ ਵਧਾਉਂਦੇ ਹਨ। ਪਰਲੇ ਪਾਸੇ ਦੇ ਚੱਕਰ ਦੇ ਗੇੜ ਵਿੱਚ ਤੁਸੀਂ ਆਪਣੀ ਕਿਸਮਤ ਦੇ ਪਹਿਰੇਦਾਰ ਹੋ, ਕਿਸਮਤ ਦੋ ਮੂੰਹੀ ਹੈ। ਉਹ ਚੰਗੀ ਨੂੰ ਵੀ ਬੁਰੀ ਬਣਾ ਦਿੰਦੀ ਹੈ ਅਤੇ ਬੁਰੀ ਨੂੰ ਚੰਗੀ, ਕਿਉਂਕਿ ਉਹ ਤੁਹਾਡੀ ਸੋਚ ਅਤੇ ਗੁਣਾਂ ਨੂੰ ਪਰਖਦੀ ਹੈ ਕਿ ਤੁਸੀਂ ਇਸ ਚੱਕਰ ਵਿੱਚ ਆਉਣ ਤੋਂ ਪਹਿਲਾਂ ਕੀ ਸਿੱਖ ਕੇ ਆਏ ਹੋ।

ਤੁਸੀਂ ਇਸ ਚੱਕਰ ਵਿੱਚ ਜਿੱਥੇ ਸਥਿਰਤਾ, ਜਟਿਲਤਾ ਨਾਲ ਸੰਤੁਲਿਤ ਖੜ੍ਹ ਸਕਦੇ ਹੋ, ਉਹੀ ਤੁਹਾਡੀ ਕਿਸਮਤ ਦੀ  journey ਹੈ ਅਤੇ ਉਹੀ ਕਿਸਮਤ ਦੀ ਰਾਹ...।

ਕੋਈ ਤੁਹਾਡੇ ਚਿਹਰੇ ਵੱਲ ਨਹੀਂ ਵੇਖਦਾ, ਜਦੋਂ ਤੱਕ ਤੁਸੀਂ ਆਪ ਆਪਣੇ ਆਪ ਨੂੰ ਸਵਿਕਾਰ ਨਹੀਂ ਕਰਦੇ। ਕਿਸੇ ਦੀ ਹਿੰਮਤ ਨਈਂ ਕਿ ਉਹ ਤੁਹਾਡੇ ਔਰੇ ਵਿੱਚੋਂ ਨਿਕਲ ਸਕੇ, ਜਦੋਂ ਤੱਕ ਤੁਸੀਂ ਸੰਤੁਲਿਤ ਅਤੇ ਜਟਿਲ ਨਹੀਂ।

ਚਾਰ ਲੋਕ ਕੀ ਸੋਚਣਗੇ, ਸਾਰੀ ਉਮਰ ਇਸੇ ਵਿੱਚ ਰਹਿ ਜਾਂਦੀ ਹੈ ਤੇ ਉਹੀ ਆਦਤਾਂ ਪਾਲ ਲੈਂਦੇ ਹਾਂ, ਉਹੀ ਕਰਨ ਲੱਗਦੇ ਹਾਂ ਜਿਸ ਤੋਂ ਉਹੀ ਚਾਰ ਲੋਕਾਂ ਦੇ ਚਿਹਰੇ ਕੋਈ ਰੰਗ ਨਾ ਦਿਖਾਉਣ। ਜਿਨ੍ਹਾਂ ਚਾਰ ਲੋਕਾਂ ਦੀ ਸੋਚ ਸੋਚ ਕੇ ਅਸੀਂ ਜਿੰਦਗੀ ਨੂੰ ਆਪਣੀ ਨਾ ਸਮਝ ਕੇ ਉਨ੍ਹਾਂ ਮੁਤਾਬਿਕ ਜਿਉਂਣ ਲੱਗਦੇ ਹਾਂ, ਤਾਂ ਉਹ ਜਿੰਦਗੀ ਵਿਚਕਾਰ ਫੁੱਲਾਂ ਦੇ ਬੂਟੇ ਘੱਟ ਹੀ ਫੁੱਟਦੇ ਹਨ। ਪਰ ਸੱਚ ਜਾਣਨਾ ਉਨ੍ਹਾਂ ਚਾਰ ਲੋਕਾਂ ਨੂੰ ਤੁਹਾਡੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ, ਉਨ੍ਹਾਂ ਦੀ ਦਿਲਚਸਪੀ ਆਪਾਂ ਸਫਾਈਆਂ ਦੇ ਦੇ ਕੇ ਵਧਾਉਂਦੇ ਹਾਂ।

ਉਨ੍ਹਾਂ ਦੀ ਗੱਲਾਂ ਤੇ ਦਿਲਚਸਪੀ ਦੇ ਕੰਜੇ ਨਾਲ ਹਵਾ ਵਿੱਚ ਛੱਡ ਦਿੱਤਾ ਜਾਵੇ, ਹਵਾ ਮੁਸ਼ਕ ਨਾਲੋਂ ਵਧੇਰੇ ਤਾਕਤਵਰ ਹੈ, ਜਿਆਦਾ ਦੂਰ ਤੱਕ ਨਹੀਂ ਫੈਲਦੀ, ਪਤਾ ਵੀ ਨਹੀਂ ਲੱਗਣਾ।


ਸੁਗਮ ਬਡਿਆਲ

ਫ੍ਸਟੇਸ਼ਨ -

 ਮੈਂ ਕਿਤੇ ਵਿਚਕਾਰੋਂ ਗੱਲ ਸ਼ੁਰੂ ਕੀਤੀ, ਜ਼ਿੰਦਗੀ ਵਿੱਚ ਇੱਕ ਮਿਹਨਤੀ ਬੰਦਾ ਕਿੰਨਾ ਸੰਘਰਸ਼ ਕਰ ਰਿਹਾ ਹੈ, ਬਾਕੀ ਤਾਂ ਪਿਛਲੇ ਸਮਿਆਂ ਦੀ ਸਾਂਭੀ ਤਕਦੀਰ ਹੀ ਖਾ ਰਿਹਾ ਹੈ। ਕਈ ਵਾਰ ਫ੍ਸਟਰੇਟ ਹੋਏ ਇੰਝ ਲੱਗਦਾ ਹੈ ਕਿ ਕਲਯੁਗ ਦੀ ਖੇਡ ਵਿੱਚ ਅਸੀਂ ਕੁਝ ਮਾਇਨੇ ਨਹੀਂ ਰੱਖਦੇ, ਸਿਰਫ਼ ਚਵਲ ਤੇ ਕੂੜ ਕਲਯੁੱਗ ਦੇ ਮੁੱਖ ਕਿਰਦਾਰ ਹਨ।

ਦਿਲ ਕਰਦਾ ਸਭ ਕੁਝ ਛੱਡ ਕੇ ਕਿਧਰੇ ਨਿਕਲ ਜਾਓ, ਪਰ ਕਿਧਰੇ ਵੀ ਨਹੀਂ ਜਾਇਆ ਜਾ ਸਕਦਾ। ਦੁਨੀਆਂ ਦੇ ਦੂਜੇ ਕੋਨੇ ਤੇ ਜਾਣ ਲਈ ਵੀ ਤਾਂ ਉਹੀ ਪੈਸਾ ਚਾਹੀਦਾ ਜਿਸ ਵਾਸਤੇ ਭੱਜਣਾ ਚਾਹੁੰਦੇ ਹਾਂ।


September 22, 2023

ਜਬਰਦਸਤੀ ਦੇ ਰਿਸ਼ਤੇ


ਕੀ ਕਹਾਣੀ ਦਿਖ ਗਈ
ਸੁਪਨਿਆਂ ਦੀ ਤਾਂ ਰੂਪਮਾਨੀ ਛਿੱਪ ਗਈ
ਕੁਝ ਵੀ ਹੋਇਆ ਨਹੀਂ ਉਸ ਤਰ੍ਹਾਂ
ਮਿਹਨਤ ਦੀ ਬੇਇਮਾਨੀ ਦਿਖ ਗਈ,

ਖੁਬਸੂਰਤੀ ਦੇ ਮਤਲਬ ਦੇ ਵੀ ਮਤਲਬ ਹੁੰਦੇ
ਮੈਂਨੂੰ ਇਉਂ ਉਨ੍ਹਾਂ ਨੇ ਦਿਲ ਵਿੱਚ ਜਬਰਦਸਤੀ ਮਤਲਬ ਸਮਝਾ ਦਿੱਤੇ,
ਮੈਂ ਸਮਾਂ ਮੰਗਿਆ ਤਾਂ ਮੇਰੀ ਗੱਲ ਨੂੰ
ਮਜਬੂਰੀ ਜਾਂ ਮਿੰਨਤ ਮੰਨ ਆਪਣੇ ਹੱਕ
'ਹਾਂ ਜਿਹਾ' ਆਖ ਮੇਰੇ ਉੱਤੇ ਬਿਠਾ ਦਿੱਤੇ,

ਦਿਲ ਦੀ ਤਰਜਮਾਨੀ ਨੂੰ ਮੈਂ
ਆਪਣੀ ਹਕੀਕਤ ਨਾਲ ਬਿਠਾਵਾਂ ਕਿਵੇਂ?
ਨਾਖੁਸ਼ ਦਿਲ ਨੇ ਹਕੀਕਤ ਮੁਹਰੇ ਆਪਣੇ ਦਮ ਹੀ ਘੋਟ ਦਿੱਤੇ।



ਸੁਗਮ ਬਡਿਆਲ

August 04, 2023

Waqt di khetti ਵਕਤ ਦੀ ਖੇਤੀ

 ਕੁਝ ਅੱਖਰ ਅਸੀਂ ਇੱਕ ਵਕਤ ਲਈ ਵਾਹੇ ਹੁੰਦੇ ਨੇ

ਪਰ ਕਿਸੇ ਦੂਸਰੇ ਹੋਰ ਵਕਤ ਵਿੱਚ ਉੱਗ ਕੇ ਫਸਲ ਬਰਾਬਰ ਹੋ ਜਾਂਦੇ ਨੇ।


ਫ਼ਸਲ ਐਸੀ ਕਿ ਜਾਂ ਤਾਂ ਕਿੱਕਰ 

ਜਾਂ ਕਣਕਾਂ ਦੇ ਸਿੱਟੇ।


ਸੁਗਮ ਬਡਿਆਲ🌙

March 01, 2023

Pakke Rangi Qismat ਪੱਕੇ ਰੰਗੀ ਕਿਸਮਤ


 ਇਤਫ਼ਾਕ ਹੋ'ਜੇ

ਗੁਲਾਬੀ ਸ਼ਾਮ ਹੋ'ਜੇ

ਖੁਆਬਾਂ ਵਰਗੀ ਸੱਚੀ

ਕੋਈ ਗੱਲ ਬਾਤ ਹੋ'ਜੇ,

ਸੁਪਨੇ ਨੇ ਕਿ ਹਵਾਵਾਂ ਚਲਦੀਆਂ,

ਹਵਾਵਾਂ ਵਿੱਚ ਇਤਰ ਦੀ ਖੂਸਬੋਆਂ ਫੈਲ ਜਾਂਦੀਆਂ,

ਝੂਠੀ ਜਿਹੀ ਹੈ, ਪਰ ਕਾਸ਼!

ਸੱਚੀ ਜਿਹੀ ਬਾਤ ਹੋ'ਜੇ,

ਸਾਡੀਆਂ ਤਾਂ ਪੱਕੇ ਰੰਗੀ ਫਿਕਰਾਂ ਨੇ,

ਕੋਈ ਬਰਸਾਤ ਆਵੇ, ਤੇ

ਘੂਲ ਜੇ ਸਾਰੀ ਮੇਰੀ ਫ਼ਿਕਰਾਂ ਦੀ ਧੂੜ,

ਸੂਹੇ ਰੰਗੀ ਕਿਸਮਤ ਏ ਲਿਵਾਜ਼ ਹੋ'ਜੇ।


ਸੁਗਮ ਬਡਿਆਲ

February 09, 2023

ਦਰਮਿਆਨ Darmiyaan

ਓਹਦੀ ਘੜੀ ਦੀ ਸੂਈ ਕੀ
ਓਹਦੇ ਲਾਰਿਆਂ 'ਚ ਵੀ ਨਈਂ,
ਉਹ ਬ੍ਰਹਿਮੰਡ ਹੈ,
ਅਸੀਂ ਤਾਂ ਤਾਰਿਆਂ ਦਾ ਵੀ ਭੁਲੇਖਾ,
ਤਾਰੇ ਵੀ ਨਹੀਂ...।

ਕੜੇ ਦੁੱਧ ਦੀ ਮਲਾਈ...
ਉਹ ਲਾਲ ਸ਼ਾਮ ਜਿਹਾ,
ਕੋਲੋਂ ਲੰਘਦੀਆਂ ਧੁੱਪਾਂ...
ਕਿਤੇ ਛੂਹ ਕੇ ਲੰਘਣ ਸਾਨੂੰ,
ਅਸੀਂ ਤਾਂ ਉਨ੍ਹਾਂ ਮੀਨਾਰਾਂ 'ਚੋਂ ਵੀ ਨਈਂ।

ਦਰਮਿਆਨੇ ਸਾਡੇ
ਅਸਮੰਜਸ ਸੀ,
ਤਿੜਕੇ ਜਿਹੇ ਬਾਟੇ ਵਿੱਚ
ਭਰ - ਭਰ ਪਾਣੀ ਘੁੱਟ ਘੁੱਟ ਭਰਾਂ,
ਅੱਗ ਲੱਗੇ, ਬੁੱਝੇ ਈ ਨਾ,

ਉਹ ਪਿਆਸ ਸੀ
ਤੇ ਅਸਾਂ ਮਾਰੂਥਲ ਵਿੱਚ ਪਿਆਸੇ ।


ਸੁਗਮ ਬਡਿਆਲ



February 08, 2023

ਦਰਿਆ ਬਿਮਾਰ ਹਨ Dariya Bimar Han

 ਇਸ ਦਰਿਆ ਦਾ ਹਾਲ ਪੁੱਛੋ

ਇਕੱਲੇ ਰਹੇ, ਮਹੀਨੇ ਸਾਲ ਨਾ ਪੁੱਛੋ

ਗਲਘੋਟੂ ਹਵਾ - ਨਸ਼ਾ ਮਿਲਾ ਦਿੱਤਾ

ਕਾਤਿਲ ਕੌਣ? ਇਹ ਸਵਾਲ ਨਾ ਪੁੱਛੋ।


ਮੰਨਤਾਂ, ਭਬੂਤਾਂ, ਤਵੀਤਾਂ ਦੀਆਂ ਪੂੜੀਆਂ

ਰੱਬ ਨੇ ਸੁਣਨਾ ਖੌਰੇ ਉਨ੍ਹਾਂ ਅੱਗੇ ਸਾਡਾ ਰੌਲਾ?

ਗਲ਼ਦਾ - ਸੜਦਾ..ਤਾਂ ਕੋਈ ਨੀ... ਫ਼ੇਰ ਕੀ ਏ,

ਸਭ ਦੇ ਪਾਪਾਂ ਦਾ ਤੁਸੀਂ ਹੀ ਭਾਰ ਚੁੱਕੋ।


ਆਖੈ ਮੇਰੀ ! ਦਰਿਆ ਦੀ ਕਹਾਣੀ ਸੀ,

ਰੁਕ ਕੇ ਸਾਰ ਤਾਂ ਪੁੱਛੋ।


ਸੁਗਮ ਬਡਿਆਲ

November 10, 2022

Kisse ਕਿੱਸੇ

 

ਮੈਂ ਕਿੱਸੇ ਲਿਖਣ ਤੁਰੀ
ਲੋਕਾਂ ਕੋਲ ਸੁਣਿਆ..
ਕਿੱਸੇ ਈ ਕਿੱਸੇ ਨੇ।

ਕਿਸੇ ਕੋਲ ਹਾਸੇ ਸੀ
ਕਿਸੇ ਕੋਲ ਗ਼ਮਗੀਨ
ਕਿਸੇ ਕੋਲ ਸੋਗ ਸੀ,

ਕਿਸੇ ਕੋਲ ਲਾਲਚ ਸੀ
ਕਿਸੇ ਕੋਲ ਲਾਚਾਰੀ
ਕਿਸੇ ਕੋਲ ਰੌਣਕ ਸੀ
ਕਿਸੇ ਕੋਲ ਮਾਏਉਸੀ,

ਕਿਸੇ ਕੋਲ ਕਿਸਾ ਮੁਹੱਬਤ ਦਾ ਸੀ
ਕਿਸੇ ਕੋਲ ਤੇਜ਼ਾਬ ਵਰਗੀ ਨਫ਼ਰਤ,
ਕਿਸੇ ਕੋਲ ਗੀਤ ਸੀ
ਕਿਸੇ ਕੋਲ ਗਾਲ੍ਹ ਸੀ,

ਹੋਰ ਹੋਰ ਸੁਣਨ ਲਈ
ਅੱਗੇ ਤੁਰਦੀ ਗਈ
ਕਿਸੇ ਕੋਲ ਗਿਲੇ ਸੀ
ਕਿਸੇ ਕੋਲ ਨਫ਼ਰਤ ਦੀ ਅੱਗ,

ਕਿਸੇ ਕੋਲ ਦਿਲਾਂ ਦੀ ਅਮੀਰੀ ਸੀ
ਕਿਸੇ ਕੋਲ ਵਕਤ ਗਰੀਬ,
ਕਿਸੇ ਕੋਲ ਦਿਲ ਬੇਵਫ਼ਾ ਸੀ
ਕਿਸੇ ਕੋਲ ਪਿਆਰ ਦੀਆਂ ਪੰਡਾਂ,

ਕੋਈ ਕਿੱਸੇ ਸਿਆਣੇ ਸਨ
ਕੋਈ ਸਨ ਮੱਤਾਂ ਦੇ ਨਿਆਣੇ,

ਕੋਈ ਕਿੱਸਾ ਮਸ਼ਹੂਰ ਦਾ ਸੀ
ਕਿੱਸੇ ਵਿੱਚ ਵੀ ਅੱਧਾ ਝੂਠ, ਅੱਧਾ ਸੱਚ,
ਕਿਸੇ ਦੇ ਕਿੱਸੇ ਸ਼ਰਮੀਲੇ ਸਨ
ਕਿਸੇ ਦੇ ਬੇਸ਼ਰਮ।


ਸੁਗਮ ਬਡਿਆਲ

ਖ਼ਿਆਲ / Khayal

ਰਾਤ ਦਾ ਸਫ਼ਰ, ਧੁੰਦ ਚ ਲਿਪਤ ਬੱਤੀਆਂ, ਤੇ ਖਾਮੋਸ਼ ਰਸਤਾ — ਕਈ ਵਾਰ ਲੱਗਦਾ ਹੈ ਜਿਵੇਂ ਯਾਦਾਂ ਵੀ ਕਿੰਨੀ ਰਫ਼ਤਾਰ ਨਾਲ ਗੁਜ਼ਰਦੀਆਂ ਨੇ। ਨਾ ਪੂਰੀ ਦਿਸਦੀਆਂ, ਨਾ ਪੂਰੀ ਮਿਟਦ...