ਹੌਂਸਲਿਆਂ ਦੀ ਪੈੜ ਉੱਤੇ Honslyan di Ped Te
ਹੌਂਸਲਿਆਂ ਦੀ ਪੈੜ ਉੱਤੇ..!
ਕਿੰਨੀ ਦੂਰ ਨਿਕਲ ਆਈ
ਕਲਾਵਿਆਂ 'ਚ ਲੈ ਸੁਪਨਿਆਂ ਨੂੰ,
ਕਦੇ ਠੋਕਰਾਂ ਨੇ ਰੁਵਾਇਆ,
ਕਦੇ ਚਲਾਕ ਜ਼ਮਾਨੇ ਨੇ ਗੁਮਰਾਹਿਆ,
ਅਧੂਰੇ ਸੁਪਨਿਆਂ ਨੇ ਕਦੇ ਪੂਰੇ ਹੋਣ ਤੱਕ
ਕਈ ਰਾਤਾਂ ਭੁੱਖਿਆਂ ਵੀ ਸੁਆਇਆ,
ਕਦੇ ਮਿੱਟੀ ਦੀ ਯਾਦ ਨੇ ਰੁਵਾਇਆ,
ਕਦੇ 'ਨਾਮੁਮਕਿਨ' ਲਫ਼ਜ਼ ਨੇ ਹਰਾਇਆ,
ਸਾਂਭਦੇ - ਸਾਂਭਦੇ ਏ - ਸੁਪਨਿਓ ਤੁਹਾਨੂੰ
ਕਿੰਨੀ ਦੂਰ ਨਿਕਲ ਆਈ,
ਕਿੰਨੀ ਦੂਰ ਤੁਰ ਆਈ ਤੁਹਾਡੀ ਉਂਗਲ ਫੜ ਕੇ,
ਕਿੰਨੇ ਰਾਹ, ਮੰਜ਼ਰ ਵੇਖ ਆਈ,
ਇਸ ਰੰਗੀਨ ਧਰਤੀ, ਜੱਗਦੇ ਅਸਮਾਨ ਦੇ,
ਕਿੰਨੇ ਸਾਹ ਮੰਜ਼ਿਲਾਂ ਤੇ ਪੁੱਜਣ ਲਈ
ਰਾਹਾਂ ਦੇ ਵਿੱਚ ਕੇਰ - ਕੇਰ ਆਈ,
ਵੇਖਿਆ! ਮੈਂ ਕਿੰਨੀ ਦੂਰ ਨਿਕਲ ਆਈ।
ਪਰ ਫ਼ੇਰ ਕਦੇ ਦਿਲ ਹੋਲਾ ਕਰਕੇ,
ਹਕੀਕਤਾਂ ਵਿੱਚ ਸੁਪਨਿਆਂ ਦੇ ਰਾਹਾਂ ਨੂੰ
ਰਾਹੋ - ਰਾਹ ਪਾਇਆ।
ਅੰਦਰ ਦੀ ਆਵਾਜ਼ ਨੇ ਕੁਝ ਜਨੂੰਨ
ਜੋਸ਼ ਜਿਹਾ ਭਰਾਇਆ,
ਔਖੇ - ਸੌਖੇ ਰਾਹਾਂ ਨੂੰ 'ਜਿੰਦਗੀ' ਕਹੀਦਾ,
ਮੇਰੀ ਕੋਸ਼ਿਸ਼, ਨਾਕਾਮੀਆਂ ਨੇ ਸਮਝਾਇਆ,
ਇਸ ਲਈ ਫ਼ੇਰ ਉੱਠ ਖੜ ਚਲ ਪਈਦੈ,
ਸੁਪਨਿਆਂ ਨੂੰ ਕਲਾਵੇ ਵਿੱਚ ਲੈ,
ਕੁਝ ਮੇਰੀ ਮਾਂ ਦੀਆਂ ਬਾਤਾਂ ਨੇ
ਹੌਂਸਲਾ ਬੰਨਾਇਆ।
Comments