Manzil De Ishq ਮੰਜ਼ਿਲ ਦੇ ਇਸ਼ਕ਼
ਮੰਜ਼ਿਲਾਂ ਦੇ ਇਸ਼ਕ ਮੰਜਿਲਾਂ ਨਾਲ ਹੀ
ਖਤਮ ਹੋ ਜਾਇਆ ਕਰਦੇ ਨੇ,
ਜਾਣਦਿਆਂ ਪਛਾਣਦਿਆਂ ਰਾਹਾਂ ਦਾ
ਸਫ਼ਰ ਕੁਝ ਖਾਸ ਨਹੀ,
ਬੁੱਲੀਆਂ ਦੇ ਹਾਸਿਆਂ ਦੀ
ਦੰਦਾਂ ਵਗੈਰ ਵੀ ਕੀ ਪਛਾਣ ਹੁੰਦੀ,
ਜੇ ਰੁੱਤਾਂ ਇੱਕ ਜਿਹੀਆਂ ਹੁੰਦੀਆਂ
ਤਾਂ ਮੌਸਮਾਂ ਨੂੰ ਵੇਖਣ ਦੀ
ਖਵਾਹਿਸ਼ ਏ ਦੀਦ ਨਾ ਹੁੰਦੀ,
ਸੁਹਾਵਣੇ ਇੱਕ ਤੋਂ ਇੱਕ ਵਾਰ ਨਾ ਹੁੰਦੇ
ਗੁੱਝੀ ਕਾਇਨਾਤ ਦੇ ਜੇ ਰਾਜ਼ ਨਾ ਹੁੰਦੇ,
ਜੇ ਕਿਸਮਤ ਤੋਂ ਇਤਫ਼ਾਕ ਰੱਖਦੇ ਹੁੰਦੇ
ਮਿਲਦਿਆਂ ਵਿਛੜਦਿਆਂ ਦਾ
ਅਰਥ ਨਾ ਹੁੰਦਾ,
ਜੇ ਦੋ ਅਹਿਸਾਸਾਂ ਦਾ ਹੁੰਦਾ ਸੰਗਮ ਨਾ
ਦੋ ਪਹਿਲੂਆਂ ਦੀ ਜ਼ਿੰਦਗੀ ਏ
ਸਮਝਣ ਨੂੰ ਫਰਕ ਨਾ ਹੁੰਦਾ,
ਖੁਦਾ ਤੇਰੇ ਸਾਡੇ ਤੋਂ ਜੇ ਕੋਈ ਰਾਜ ਨਾ ਹੁੰਦੇ,
ਕਾਹਦਾ ਫ਼ੇਰ ਤੇਰੇ ਤੋਂ ਰੁੱਸਣਾ ਮੰਨੋਣਾ ਹੁੰਦਾ,
ਜੇ ਪਹਿਲਾਂ ਹੀ ਮਿਲ ਜਾਂਦੇ ਧਰਤ ਅਸਮਾਨ
ਫ਼ੇਰ ਕਾਹਦੇ 'ਹਿਜ਼ਰ' ਉੱਤੇ ਲਿਖੇ
ਵਾਕ, ਅਲਫ਼ਾਜ਼ ਨਾ ਹੁੰਦੇ,
ਜੋ ਕੋਈ ਅਧੂਰਾ ਲਫ਼ਜ਼ ਨਾ ਹੁੰਦਾ
ਕਾਹਨੂੰ ਪਰੋਣੇ ਸੀ ਬੈਠ ਰੋਜ਼
ਤੇਰੇ ਬਾਰੇ ਸੋਚਾਂ ਦੇ ਮਣਕੇ,
ਜੇ ਮਿਲਣਾ ਵਿਛੜਨਾ ਨਾ ਹੁੰਦਾ
ਕਾਹਦੇ ਫ਼ੇਰ ਸੋਹਣੇ ਜ਼ਿੰਦਗੀ ਦੇ ਇਤਫ਼ਾਕ ਹੁੰਦੇ,
ਕਿਸਨੂੰ ਕਹਿੰਦੇ ਰੂਹ ਦੇ ਹਾਣੀ
ਜੇ ਚੱਲਦੇ ਫਿਰਦੇ ਜਣੇ ਖਣੇ ਨਾਲ ਮੇਲ਼ ਹੁੰਦੇ,
ਕਿਉਂ ਮੰਜ਼ਿਲ ਤੇ ਵਧਣ ਦੀ ਫ਼ੇਰ ਚਾਹਅ ਹੁੰਦੀ
ਜੇ ਮੈਂ ਮੰਜ਼ਿਲ ਹੁੰਦੀ ਤੇ ਮੈਂ ਹੀ ਰਾਹ ਹੁੰਦੀ,
ਸੁਗਮ ਬਡਿਆਲ✨
Comments