ਇੱਕ ਜਾਮੀ ikk Zaami
ਕਵਿਤਾ ਲਿਖ ਕੇ ਜਾਮੀ ਆਪਣੇ ਦਿਲ ਨੂੰ,
ਹੌਲਾ ਕਰਦਾ ਵਿਖਾਈ ਦਿੰਦਾ ਹੈ,
ਕੁਝ ਹਾਲਤਾਂ ਨੂੰ ਖਿੱਝਦਾ ਹੈ,
ਕੁਝ ਆਪਣੇ ਆਪ ਦੀ ਹਾਲਤ ਕਹਿੰਦਾ ਹੈ।
ਗੂੰਗੇ, ਕੋਰੇ ਪੰਨਿਆਂ ਉੱਤੇ ਮੱਧਦਾ ਵਿਖਾਈ ਦਿੰਦਾ ਹੈ,
ਉਮੀਦ ਨੂੰ ਹੱਥਾਂ ਉੱਤੇ ਚੁੱਕੀ ਇੱਕ ਲੋਅ ਵਾਂਗ
ਬੇਵੱਸੀ ਦੇ ਹਨ੍ਹੇਰ ਨੂੰ ਲੱਭਦਾ ਫਿਰਦਾ ਹੈ।
ਅੱਖਰ - ਅੱਖਰ, ਲਫ਼ਜ਼ - ਲਫ਼ਜ਼,
ਵਾਕ ਵਾਕ ਦੇ ਤੰਦ ਬੁਣਦਾ,
ਕਿਤੇ ਉਧੇੜ ਤੰਦਾਂ ਫਿਰ ਤੋਂ ਤੋਪੇ ਭਰਦਾ ਹੈ,
ਲਫ਼ਜ਼ਾਂ ਵਿੱਚ ਸਫ਼ਰ ਕਰਦਾ, ਆਪ ਰੋਂਦਾ
ਅਤੇ ਆਪੇ ਚੁੱਪ ਕਰਾਉਂਦਾ ਦਿੱਸਦਾ ਹੈ।
ਤੇ ਮੈਂ ਵੀ... ਕੁਝ ਇੰਝ ਹੀ
ਕਵਿਤਾ ਦੀ ਚੋਟੀ ਉੱਤੇ ਖਲੋ
ਆਪਣੇ ਦਿਲ ਦਾ ਬੋਝ ਕਾਗਜ਼ਾਂ ਉੱਤੇ ਪਾ
ਹੇਠਾਂ ਦੂਰ ਧੱਕਦੀ ਫਿਰਦੀ ਹਾਂ,
ਕੁਝ ਚੰਗੇ ਹਲਾਤਾਂ ਦੀ
ਖਵਾਹਿਸ਼ ਏ ਦੀਦ ਕਰਦੀ ਫਿਰਦੀ ਹਾਂ।
ਸੁਗਮ ਬਡਿਆਲ🌻
Comments