---
ਮਰਦ ਰੋ ਨਹੀਂ ਸਕਦੇ
ਸਮਾਜ ਦੀ ਰੀਤ ਨੇ ਮਰਦਾਂ ਦਾ ਰੋਣਾ ਖੋਹ ਲਿਆ,
ਤੇ ਮਰਦਾਂ ਨੇ ਆਪਣਾ ਜ਼ੋਰ ਦਿਖਾਉਣ ਲਈ
ਔਰਤ ਦੇ ਹੱਕ, ਸੁਪਨੇ, ਸਤਿਕਾਰ ਖੋਹ ਲਏ।
ਇਕ ਦੁੱਖ ਦੂਜੇ ਦੁੱਖ ਨੂੰ ਜਨਮ ਦੇ ਗਿਆ,
ਇਕ ਬੇਇਨਸਾਫੀ ਨੇ ਦੂਜੀ ਨੂੰ ਖੱਬੀ ਰਾਹ ਵੇਖਾ ਦਿੱਤੀ।
ਮਰਦ ਬਣਿਆ ਲੋਹਾ — ਸਖ਼ਤ, ਠੰਢਾ, ਬੇਰਹਿਮ
ਤੇ ਔਰਤ ਬਣੀ ਮਿੱਟੀ — ਰੋਜ਼ ਸੱਜੀ, ਰੋਜ਼ ਕੁੱਟੀ, ਰੋਜ਼ ਤੋੜੀ ਜੋੜੀ ਗਈ,
ਉਹ ਰੋਣਾ ਚਾਹੁੰਦਾ ਸੀ — ਪਰ "ਮਰਦ ਨਹੀਂ ਰੋਦੇ" ਨੇ ਰਸਤਾ ਰੋਕ ਲਿਆ,
ਉਹ ਉੱਡਣਾ ਚਾਹੁੰਦੀ ਸੀ — ਪਰ "ਘਰ ਦੀ ਲਾਜ" ਨੇ ਫੰਘ ਕੱਟ ਲਏ।
ਕੌਣ ਕਹੇ ਕਿ ਇਕ ਹੀ ਬੇੜੀ 'ਚ ਦੋ ਜਾਨਾਂ ਨਹੀਂ ਡੁੱਬ ਰਹੀਆਂ,
ਇਹ ਪੁਰਾਣੀਆਂ ਸੋਚਾਂ ਦੀਆਂ ਜੰਜੀਰਾਂ ਦੋਵੇਂ ਪਾਸੇ ਤਣੀਆਂ ਨੇ।
ਮਰਦ ਵੀ ਰੋਵੇ — ਤਾਂ ਇਨਸਾਨੀਅਤ ਜਿਊਂਦੀ ਏ,
ਔਰਤ ਵੀ ਬੋਲੇ — ਤਾਂ ਆਜ਼ਾਦੀ ਫੁੱਲਾਂ ਵਰਗੀ ਖਿੜਦੀ ਏ।
ਸਮਝੋ ਕਿ ਦੁੱਖ ਦਾ ਕੋਈ ਲਿੰਗ ਨਹੀਂ ਹੁੰਦਾ,
ਤੇ ਇੱਜ਼ਤ ਨੂੰ ਕੋਈ ਜਾਤ ਨਹੀਂ ਚਾਹੀਦੀ।
ਜੇ ਮਰਦ ਰੋ ਸਕਣ,
ਤੇ ਔਰਤ ਸੋਚ ਸਕੇ —
ਤਾਂ ਇਹ ਦੁਨੀਆ ਕੁਝ ਹੋਰ ਹੋਵੇ।
ਸੁਗਮ ਬਡਿਆਲ