May 27, 2025

andhvishvas ਅੰਧ ਵਿਸ਼ਵਾਸ

ਅੰਧ ਵਿਸ਼ਵਾਸ, ਆਤਮਕ ਪ੍ਰਕਿਰਿਆ, ਸਿੱਖਿਆ ਤੇ ਭਵਿੱਖ

ਸਮਾਜਿਕ ਤੌਰ 'ਤੇ ਅਸੀਂ ਅਜੇ ਵੀ ਕਈ ਥਾਵਾਂ 'ਤੇ ਅੰਧ ਵਿਸ਼ਵਾਸ ਦੇ ਚੰਗਲ ਵਿੱਚ ਫਸੇ ਹੋਏ ਹਾਂ। ਜਦੋਂ ਮਨੁੱਖੀ ਜੀਵਨ ਵਿੱਚ ਅਗਿਆਨਤਾ ਹੋਵੇ, ਤਾਂ ਉਹ ਹਰੇਕ ਚੀਜ਼ ਨੂੰ ਭਰਮ, ਡਰ ਜਾਂ ਰਿਵਾਇਤੀ ਧਾਰਨਾਵਾਂ ਨਾਲ ਜੋੜ ਕੇ ਦੇਖਦਾ ਹੈ। ਅੰਧ ਵਿਸ਼ਵਾਸ ਸਿਰਫ਼ ਮਨੁੱਖੀ ਵਿਕਾਸ ਦੀ ਰੋਕ ਟੋਕ ਨਹੀਂ ਬਣਦਾ, ਇਹ ਸਮਾਜ ਦੇ ਨਵੀਂ ਸੋਚ ਵਾਲੇ ਦਰਵਾਜ਼ੇ ਵੀ ਬੰਦ ਕਰ ਦਿੰਦਾ ਹੈ।

ਅੰਧਵਿਸ਼ਵਾਸ – ਇਹ ਸ਼ਬਦ ਸਿਰਫ਼ ਇੱਕ ਭਰਮ ਨਹੀਂ, ਸਗੋਂ ਸਮਾਜਿਕ ਵਿਕਾਸ 'ਤੇ ਇੱਕ ਰੋਕ ਵੀ ਹੈ। ਅੰਧਵਿਸ਼ਵਾਸ ਦਾ ਅਰਥ ਹੈ – ਬਿਨਾਂ ਤਰਕ, ਲੋਜਿਕ (logic) ਜਾਂ ਸਬੂਤ ਦੇ ਕਿਸੇ ਗੱਲ ਤੇ ਅੰਨ੍ਹੇਵਾਹ ਵਿਸ਼ਵਾਸ ਕਰ ਲੈਣਾ। ਇਹ ਵਿਸ਼ਵਾਸ ਅਕਸਰ ਡਰ, ਅਗਿਆਨਤਾ ਜਾਂ ਰਿਵਾਇਤਾਂ ਦੇ ਆਧਾਰ 'ਤੇ ਬਣੇ ਹੁੰਦੇ ਹਨ।
ਸਿੱਖਿਆ ਦੀ ਕਮੀ ਨਾਲ ਲੋਕ ਸਹੀ ਅਤੇ ਗਲਤ ਵਿਚ ਫ਼ਰਕ ਨਹੀਂ ਕਰ ਸਕਦੇ।
ਅਣਜਾਣ ਗੱਲਾਂ ਤੋਂ ਡਰ ਕੇ ਲੋਕ ਅਜਿਹੀਆਂ ਧਾਰਨਾਵਾਂ 'ਚ ਵਿਸ਼ਵਾਸ ਕਰ ਲੈਂਦੇ ਹਨ।
ਸਮਾਜਕ ਦਬਾਅ – "ਲੋਕ ਕੀ ਕਹਿਣਗੇ?" ਦੇ ਚੱਕਰ 'ਚ ਅਨੇਕ ਰਿਵਾਇਤਾਂ ਨਿਭਾਈ ਜਾਂਦੀਆਂ ਹਨ।
ਕੁਝ ਢਾਂਚੇ ਅੰਧਵਿਸ਼ਵਾਸ ਨੂੰ ਆਸਥਾ ਦੇ ਰੂਪ 'ਚ ਪੇਸ਼ ਕਰਦੇ ਹਨ। ਜਿਸ ਕਾਰਨ ਨਿੱਜੀ ਵਿਕਾਸ ਰੁਕ ਜਾਂਦਾ ਹੈ।
ਆਰਥਿਕ ਅਤੇ ਸਿਹਤ ਸੰਬੰਧੀ ਨੁਕਸਾਨ ਹੁੰਦੇ ਹਨ । ਉਦਾਹਰਣ  ਦੇ ਤੌਰ ਤੇ ਝੂਠੇ ਪੰਡਿਤਾਂ ਦੇ ਭਰਮ ਵਿੱਚ ਪੈ ਜਾਂਦੇ ਹਨ, ਜਿਨ੍ਹਾਂ ਕਾਰਨ ਲੋਕਾਂ ਨੂੰ ਆਰਥਿਕ, ਮਾਨਸਿਕ ਜਾਂ ਸਮਾਜਿਕ ਨੁਕਸਾਨ ਹੁੰਦਾ ਹੈ। ਸਮਾਜ ਵਿੱਚ ਡਰ ਅਤੇ ਵਿਭਾਜਨ ਪੈਦਾ ਹੁੰਦਾ ਹੈ। ਸ਼ਹਿਰਾਂ ਦੇ ਮੁਕਾਬਲੇ ਅੰਧਵਿਸ਼ਵਾਸ ਪਿੰਡਾਂ ਵਿੱਚ ਵੱਧ ਹੈ।

ਪਿੰਡਾਂ ਵਿੱਚ ਅੰਧਵਿਸ਼ਵਾਸ ਦੇ ਕਾਰਨ

1. ਅਣਪੜ੍ਹਤਾ ਅਤੇ ਤਰਕ ਦੀ ਘਾਟ
ਜਦ ਤੱਕ ਮਨ ਵਿੱਚ ਗਿਆਨ ਨਹੀਂ ਹੋਵੇਗਾ, ਤਦ ਤੱਕ ਪੰਡਿਤਾਂ ਦੇ ਆਖੇ ਹੋਏ ਉਪਾਏ, ਜਾਦੂ-ਟੋਨੇ, ਪੂਰਬਲੇ ਕਰਮਾਂ ਦੇ ਨਾਂ 'ਤੇ ਲੋਟੇ-ਚਮਚੇ ਹਿਲਦੇ ਰਹਿਣਗੇ।

2. ਰਿਵਾਇਤੀ ਸੋਚ
ਪੁਰਾਣੀਆਂ ਧਾਰਨਾਵਾਂ, ਕਹਾਣੀਆਂ ਅਤੇ ਵੱਡਿਆਂ ਦੀਆਂ ਆਖਾਂ ਬਿਨਾਂ ਸਵਾਲ ਕੀਤੇ ਮੰਨ ਲਈ ਜਾਂਦੀਆਂ ਹਨ। "ਸਾਡੇ ਪੂਰਵਜ ਵੀ ਐਹੀ ਕਰਦੇ ਆਏ ਹਨ" – ਇਹ ਲਾਈਨ ਅਜੇ ਵੀ ਅਕਸਰ ਸੁਣੀ ਜਾਂਦੀ ਹੈ।

3. ਡਰ – ਰੱਬ, ਭੂਤ, ਕਿਸਮਤ
ਕਿਸੇ ਦੀ ਬੀਮਾਰੀ, ਘਰ ਵਿੱਚ ਕਲੇਸ਼, ਜਾਂ ਵਿਆਹ ਵਿੱਚ ਰੁਕਾਵਟ ਆਉਣ 'ਤੇ ਕਿਹਾ ਜਾਂਦਾ – "ਕਿਸੇ ਨੇ ਬੰਧਵਾਇਆ ਹੋਇਆ", "ਪਤਿਹਾਰਾ ਕਰਵਾਓ", "ਗ੍ਰਹਿ ਨਾਸ਼ੀਕ ਹਨ" – ਇਹੀ ਤਰਕ ਵਿਹੀਣ ਸਲਾਹਾਂ ਲੋਕ ਪੰਡਿਤਾਂ ਕੋਲੋਂ ਲੈਣ ਲੱਗ ਪੈਂਦੇ ਹਨ।

4. ਢੋਂਗੀ ਬਾਬਿਆਂ ਦੀ ਪ੍ਰਭਾਵਸ਼ੀਲਤਾ
ਪਿੰਡਾਂ ਵਿੱਚ ਅਜਿਹੇ ਢੋਂਗੀ ਧਾਰਮਿਕ ਪੈਰੋਕਾਰ ਹੋਰ ਵੀ ਅੰਧਵਿਸ਼ਵਾਸ ਨੂੰ ਵਧਾਉਂਦੇ ਹਨ। ਉਹ ਲੋਕਾਂ ਦੀ ਮਾਨਸਿਕ ਕਮਜ਼ੋਰੀ ਅਤੇ ਡਰ ਦਾ ਫਾਇਦਾ ਚੁੱਕਦੇ ਹਨ।

5 ਸੱਚੀ ਆਤਮਕਤਾ ਤੋਂ ਭਟਕਾਅ
ਧਰਮ ਦਾ ਮਤਲਬ ਆਤਮ-ਸੋਧਨ ਹੈ, ਨਾ ਕਿ ਪੈਸਾ ਲਾ ਕੇ ਹਵਾਵਾਂ ਵਿਚ ਹੱਲਣ ਵਾਲੇ ਉਪਾਏ। ਅਫ਼ਸੋਸ, ਲੋਕ ਰੱਬ ਨੂੰ ਆਪਣੇ ਮਨ ਦੀ ਲੀਲਾਵਾਂ ਨਾਲ ਜੋੜ ਕੇ, ਪੰਡਿਤਾਂ ਨੂੰ ਰੱਬ ਦਾ ਦਰਬਾਨ ਮੰਨ ਬੈਠਦੇ ਹਨ।

5. ਜਾਣਕਾਰੀ ਦੀ ਕਮੀ
ਸੂਚਨਾ ਅਤੇ ਮੀਡੀਆ ਦੀ ਪਹੁੰਚ ਵੀ ਕਈ ਪਿੰਡਾਂ ਵਿੱਚ ਘੱਟ ਹੁੰਦੀ ਹੈ। ਨਵੇਂ ਵਿਚਾਰਾਂ ਅਤੇ ਵਿਗਿਆਨਕ ਜਾਣਕਾਰੀ ਉੱਥੇ ਜਾ ਹੀ ਨਹੀਂ ਪਾਉਂਦੀ।

6. ਔਰਤਾਂ ਤੇ ਵਿਸ਼ੇਸ਼ ਪ੍ਰਭਾਵ
ਕਈ ਵਾਰ ਪਿੰਡਾਂ ਵਿੱਚ ਔਰਤਾਂ ਨੂੰ ਅੰਧਵਿਸ਼ਵਾਸ ਦੇ ਨਾਂ 'ਤੇ ਤਾਣੀ-ਬਾਣੀ ਜਾਂ ਤਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ – ਜਿਵੇਂ ਕਿ "ਚੁੜੈਲ" ਕਹਿ ਦੇਣਾ, ਜਾਂ ਪੀੜਾਵਾਂ ਨੂੰ ਭੂਤਾਂ ਨਾਲ ਜੋੜਨਾ। ਜਾਂ ਇੰਝ ਵਿਹਾਰ ਹੋ ਗਏ ਹਨ ਕਿ ਲੋਕ ਸ਼ੋਸ਼ਲ ਮੀਡੀਆ ਨਾਲ ਵੀ ਗਲਤ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਨੂੰ ਘਰੇਲੂ  ਔਰਤਾਂ ਬੜੀ ਅਹਿਮ ਗੱਲ ਮੰਨ ਕੇ ਵੇਖਦੀਆਂ ਹਨ ਅਤੇ ਬੇਬੁਨਿਆਦ ਜਾਣਕਾਰੀਆਂ ਅੱਗੇ ਅੱਗੇ ਵਧਾਉਂਦੀਆਂ ਹਨ।

ਇਹ ਵਿਸ਼ਵਾਸ ਕਈ ਵਾਰੀ ਆਸਥਾ ਨਾਲ ਨਹੀਂ, ਸਗੋਂ ਅਣਜਾਣ ਡਰ, ਭਰਮ ਅਤੇ ਅਸਹਾਇਤਾ ਨਾਲ ਜੁੜਿਆ ਹੁੰਦਾ ਹੈ।

ਨਤੀਜਾ...? ਘਰ ਦੀ ਆਮਦਨ ਪੰਡਿਤਾਂ ਦੇ 'ਚੜਾਵੇ' ਚ ਲੱਗ ਜਾਂਦੀ ਹੈ
ਸਮੱਸਿਆ ਦਾ ਅਸਲ ਹੱਲ ਨਹੀਂ ਲੱਭਦਾ। ਅੰਧਵਿਸ਼ਵਾਸ ਵਧਦਾ ਹੈ। ਨਵੇਂ ਪੀੜ੍ਹੀਆਂ ਵੀ ਉਹੀ ਰਸਤੇ 'ਤੇ ਲੱਗ ਜਾਂਦੀਆਂ ਹਨ
ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਿੱਖਿਆ ਅਤੇ ਤਰਕ ਨਾਲ ਜੀਵਨ ਦੇ ਮੁੱਦੇ ਸੁਲਝਾਏ ਜਾਣ। ਵਿਗਿਆਨਕ ਸੋਚ ਨੂੰ ਅਪਣਾਇਆ ਜਾਏ। ਸੱਚੀ ਆਤਮ-ਸੋਧ ਵੱਲ ਵਧਣਾ – ਜੋ ਆਪਣੇ-ਆਪ ਦੇ ਅੰਦਰੋਂ ਹੀ ਜਾਗਰੂਕਤਾ ਦੇਂਦੀ ਹੈ। ਭਰਮਾਂ ਦੀ ਥਾਂ ਗਿਆਨ ਅਤੇ ਸਹੀ ਸਲਾਹ ਲੈਣੀ।

ਆਤਮਕ ਜੀਵਨ ਕਿਸੇ ਧਰਮ ਜਾਂ ਰਸਮ-ਰਿਵਾਜ ਦੀ ਪਾਬੰਦ ਨਹੀਂ, ਇਹ ਤਾਂ ਅੰਦਰੂਨੀ ਖੋਜ, ਸੱਚਾਈ ਦੀ ਪਹਿਚਾਣ ਅਤੇ ਅਸਲੀ ਸੁੱਖ ਦੀ ਪ੍ਰਾਪਤੀ ਦੀ ਯਾਤਰਾ ਹੈ। ਪਰ ਅਫ਼ਸੋਸ, ਬਹੁਤ ਵਾਰੀ ਲੋਕ ਰੂਹਾਨੀਅਤ ਨੂੰ ਅੰਧ ਵਿਸ਼ਵਾਸ ਨਾਲ ਗਲ਼ਤ ਤਰੀਕੇ ਨਾਲ ਜੋੜ ਦਿੰਦੇ ਹਨ। ਸੱਚੀ ਆਤਮਕਤਾ ਅੰਦਰੂਨੀ ਜਾਗਰੂਕਤਾ, ਦਇਆ, ਸੱਚਾਈ ਅਤੇ ਗਿਆਨ ਦੇ ਰਾਹੀਂ ਆਉਂਦੀ ਹੈ – ਨਾ ਕਿ ਡਰ ਜਾਂ ਧਾਰਮਿਕ ਵਿਵਸਥਾਵਾਂ ਦੇ ਆਧਾਰ ਤੇ।

ਭਵਿੱਖ ਉਹੀ ਹੋਵੇਗਾ ਜੋ ਅਸੀਂ ਅੱਜ ਚੁਣਾਂਗੇ। ਜੇ ਅਸੀਂ ਅੰਧ ਵਿਸ਼ਵਾਸ ਨੂੰ ਛੱਡ ਕੇ ਗਿਆਨ, ਤਰਕ ਅਤੇ ਸੱਚੀ ਆਤਮਕ ਜੀਵਨ ਦੀ ਦਿਸ਼ਾ ਵਿੱਚ ਵਧਾਂਗੇ, ਤਾਂ ਇੱਕ ਪ੍ਰਗਤੀਸ਼ੀਲ ਤੇ ਸੰਵੇਦਨਸ਼ੀਲ ਸਮਾਜ ਬਣੇਗਾ। ਨਹੀਂ ਤਾਂ ਅਣਜਾਣ ਡਰ ਅਤੇ ਝੂਠੀ ਆਸਰਾ ਲੈ ਕੇ ਚੱਲਣਾ ਸਾਡੀ ਪੀੜੀ ਨੂੰ ਵੀ ਅੰਧਕਾਰ ਵੱਲ ਧੱਕੇਗਾ। ਰੱਬ ਦੀ ਪਹੁੰਚ ਕਦੇ ਵੀ ਦਾਨ-ਪੁਣ, ਜਾਪ ਜਾਂ ਪੰਡਿਤਾਂ ਦੀ ਸਿਫਾਰਸ਼ ਨਾਲ ਨਹੀਂ – ਸਗੋਂ ਸਾਫ ਨੀਅਤ, ਚੰਗੇ ਕਰਮ ਅਤੇ ਗਿਆਨ ਨਾਲ ਹੁੰਦੀ ਹੈ।

ਜੇ ਪੰਡਿਤ ਜਾਣੇ ਭਵਿੱਖ ਸਾਰਾ,
ਮੌਤ ਕਿਉਂ ਆਵੇ ਘਰ ਦੇ ਦੁਆਰ?
ਜੇ ਕਰਮਾਂ ਦੀ ਗੱਲ ਉਹ ਜਾਣੇ,
ਧੀ ਉਹਦੀ ਵਿਧਵਾ ਕਿਉਂ ਬਣੇ?

ਚੱਕਰ, ਤਾਰਿਆਂ ਦੀ ਲੀਖ ਭਰੇ,
ਅੰਦਰ ਖੁਦ ਦੇ ਅੰਨ੍ਹੇ ਢੇਰ।
ਹੋਰਾਂ ਨੂੰ ਦੇਵੇ ਨਸੀਬ ਦੀ ਰਾਹ,
ਆਪਣੀ ਨਸੀਬੀ ਕਿਉਂ ਨਾ ਵਾਹ?

ਅੱਖਾਂ ਹੋਣ ਦੇ ਬਾਵਜੂਦ,
ਲੋਕ ਅੰਨ੍ਹੇ ਕਿਉਂ ਬਣੇ ਨੇ?
ਸੱਚੀ ਰਾਹ ਨੂੰ ਛੱਡ ਕੇ,
ਝੂਠ ਦੇ ਹੱਥੀਂ ਫਸੇ ਨੇ।

ਪੰਡਿਤ ਜੋ ਵੀ ਆਖਦਾ,
ਓਹੀ ਹੁਕਮ ਮਨਾਇਆ,
ਤਰਕ ਦੀਆਂ ਬੱਤੀਆਂ ਬੁਝਾ ਕੇ,
ਅੰਧੇਰੇ ਨੂ ਸਿਰ ਚੁਕਾਇਆ।

ਰੱਬ ਤਾਂ ਬੈਠਾ ਅੰਦਰ,
ਢੂੰਢਦੇ ਬਾਹਰ ਕਿਉਂ ਹਾਂ,
ਅਕਲ ਦੇਵੇ ਜੋ ਸਿੱਖਿਆ,
ਉਸ ਨੂੰ ਮੰਨਦੇ ਕਿਉਂ ਨਹੀਂ ਹਾਂ?

No comments:

The Human Nature (ਆਧੁਨਿਕ ਸਮੇਂ ਵਿੱਚ ਇਨਸਾਨੀ ਫ਼ਿਤਰਤ)

 ਅੱਜਕੱਲ੍ਹ ਇਨਸਾਨ ਮਸ਼ੀਨਾਂ ਵਾਂਗ ਜੀ ਰਿਹਾ ਹੈ। ਦਿਲ ਨਾਲ ਨਹੀਂ, ਸਿਰਫ਼ ਦਿਮਾਗ ਨਾਲ ਸੋਚਦਾ ਹੈ। ਲੋੜੀਂਦੇ ਵੇਲੇ ਹੱਸਦਾ ਹੈ, ਫ਼ਾਇਦੇ ਲਈ ਰਿਸ਼ਤੇ ਨਿਭਾਂਦਾ ਹੈ। ਮਨੁੱਖਤਾ...