ਪਰਛਾਵੇਂ Parchhaawen

ਪਰਛਾਵੇਂ : ਕਿੰਨੇ ਕੁ ਲੰਬੇ, 
ਕਿੰਨੇ ਕੁ ਚਿਰ ਦੇ
ਪੂਰਬ ਤੋਂ ਜਾਂ ਪੱਛਮ ਦੇ

ਵਜੂਦ ਇਸਦੇ
ਨ੍ਹੇਰ ਕਰਕੇ ਜਾਂ
ਸਵੇਰ ਕਰਕੇ,

ਪਰਛਾਵੇਂ ਉਮਰਾਂ ਦੇ
ਪੁੱਟੇ, ਫ਼ੇਰ ਲੱਗੇ,
ਘਾਹ ਵਰਗੇ,

ਪਰਛਾਵੇਂ ਭੁਲੇਖੇ
ਕਿਸੇ ਦੇ ਪਿੱਛੇ
ਖਲੋਤੇ ਹੋਣ ਦੇ,

ਪਰਛਾਵੇਂ ਅਤੀਤ ਦੇ
ਕੱਚੀ ਪੈਂਸਲ ਰਬੜ
ਜਾਂ ਸਲੇਟ ਵਰਗੇ,

ਪਰਛਾਵੇਂ ਹੰਢਾਈਆਂ 
ਪੀੜਾਂ ਦੇ, ਜਖਮਾਂ ਦੇ
ਨਿਸ਼ਾਨ ਵਰਗੇ,

ਪਰਛਾਵੇਂ ਕਿਸੇ ਦੇਸ
ਛੁੱਟ ਗਏ ਪਿੰਡ ਜੂਹਾਂ ਦੇ
ਸੁੰਨ ਕੁਝ ਮਰੀਜ਼
ਮਰ ਗਏ ਰਾਹਾਂ ਤੇ,

ਮੇਲੇ ਨਾਨਕ ਪਿੰਡ
ਕੱਤਕ ਦੇ, ਮੱਸਿਆ
ਡੇਰੇ ਢਾਹਾਂ ਤੇ

ਪਰਛਾਵੇਂ ਗੂੜੀਆਂ
ਸੀ ਜੋ ਰੀਤਾਂ ਦੇ,
ਰੰਗਾਂ ਢੰਗਾਂ ਦੇ,

ਪਰਛਾਵੇਂ ਘਰ 'ਚੋਂ ਨਿਕਲੀ
ਬਰਕਤ ਦੇ, ਜੱਸ ਗਏ,
ਪਰਛਾਵੇਂ ਅਮੀਰ ਵਿਹਾਰ ਦੇ,

ਪਰਛਾਵੇਂ ਰੌਣਕਾਂ ਦੇ
ਇਤਿਹਾਸ ਦੀ ਧਰਤੀ
ਤੇ ਮੇਲ ਮਿਲਾਪ ਦੇ,

ਪਰਛਾਵੇਂ ਦੂਰ ਹੋ ਗਏ
ਮਾਣ ਸਤਿਕਾਰ
ਸਭਨਾਂ ਨਾਲ ਪਿਆਰ ਦੇ।

ਸੁਗਮ ਬਡਿਆਲ


Comments

Popular Posts