Zindagi da aakhri din ਜ਼ਿੰਦਗੀ ਦਾ ਆਖਰੀ ਦਿਨ
ਇੱਕ ਵਾਰ ਇੱਕ ਗਰੀਬ ਕੁੜੀ ਸੀ, ਜਿਸਦਾ ਨਾਮ ਜੈਸੀਕਾ ਸੀ। ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਹ ਪਰਸੋਂ ਮਰ ਜਾਵੇਗੀ। ਉਹ ਘਬਰਾਈ ਵੀ ਅਤੇ ਨਹੀਂ ਵੀ, ਘਬਰਾਈ ਇਸ ਲਈ ਕਿ ਉਹ ਆਪਣੇ ਸੁਪਨੇ ਚਾਅ ਪੂਰੇ ਨਹੀਂ ਕਰ ਪਾਏਗੀ ਅਤੇ ਹੌਂਸਲਾ ਇਸ ਲਈ ਰੱਖਿਆ ਕਿ ਉਸਨੂੰ ਤਾਂ ਮੌਤ ਵੀ ਦੱਸ ਕੇ ਆ ਰਹੀ ਹੈ ਅਤੇ ਮੌਤ ਤੋਂ ਪਹਿਲਾਂ ਉਸ ਲਈ ਆਪਣੇ ਸੁਪਨੇ ਜਿਉਂਣ ਦਾ ਪੂਰਾ ਇੱਕ ਦਿਨ ਹੈ। ਉਹ ਆਖਰੀ ਦਿਨ ਨੂੰ ਖੁਸ਼ਨੁਮਾ ਢੰਗ ਨਾਲ ਜੀਅ ਕੇ ਜਾਣਾ ਚਾਹੁੰਦੀ ਸੀ।
ਸਵੇਰ ਹੋਈ ਤੇ ਉੱਠ ਕੇ ਮੰਦਰ ਗਈ ਅਤੇ ਰੱਬ ਦਾ ਸ਼ੁਕਰੀਆ ਕੀਤਾ ਕਿ ਉਸਨੇ ਦਿਨ ਦਾ ਵਕਤ ਦਿੱਤਾ ਹੈ।
ਰੱਬ ਨੂੰ ਯਾਦ ਕੀਤਾ, ਫ਼ੇਰ ਘਰ ਆਈ ਅਤੇ ਮਾਂ ਨੂੰ ਪੁੱਛਣ ਲੱਗੀ ਕਿ 'ਮਾਂ ਉਸ ਲਈ ਅਨਮੋਲ ਕੀ ਹੈ?' ਮਾਂ ਨੇ ਜਵਾਬ ਦਿੱਤਾ ਕਿ ਉਸਦੀ ਪਿਆਰੀ ਧੀ'।
ਉਹ ਉਦਾਸ ਹੋ ਗਈ ਅਤੇ ਸੋਚਣ ਲੱਗੀ ਕਿ ਉਸਦੇ ਜਾਣ ਤੋਂ ਬਾਦ ਮਾਂ ਦਾ ਕੀ ਹਾਲ ਹੋਵੇਗਾ?
ਉਸਨੇ ਮਾਂ ਨੂੰ ਖੁਸ਼ ਕਰਨ ਲਈ ਉਸਨੂੰ ਕਿਹਾ ਕਿ ਉਹ ਕਿਤੇ ਜੇ ਦੂਰ ਚਲੀ ਗਈ ਤਾਂ ਉਸਨੂੰ ਯਾਦ ਕਰਕੇ ਪਰੇਸ਼ਾਨ ਨਾ ਹੋਵੇ, ਬਲਕਿ ਇਹ ਸੋਚੇ ਕਿ ਉਹ ਉਸ ਦੇ ਨੇੜੇ ਹੈ ਹਮੇਸ਼ਾ, ਉਸਦੇ ਹਾਸੇ ਵਿੱਚ...।
ਉਸਨੇ ਮਾਂ ਨੂੰ ਕਿਹਾ ਕਿ ਉਹ ਅੱਜ ਆਰਾਮ ਕਰੇ, ਕਿਉਂਕਿ ਰੋਜ਼ ਤਾਂ ਉਹੀ ਕੰਮ ਕਰਦੀ ਹੈ। ਜੈਸੀਕਾ ਘਰ ਦੇ ਕੰਮ ਕਾਜ ਨੱਕੀ ਕਰਕੇ ਪਾਣੀ ਲੈਣ ਲਈ ਤੁਰਦੀ ਹੈ। ਉਹ ਪਾਣੀ ਲੈਣ ਨਦੀ ਕਿਨਾਰੇ ਗਈ ਅਤੇ ਜਿਵੇਂ ਹੀ ਪਾਣੀ ਭਰਨ ਲਈ ਗਾਗਰ ਪਾਣੀ ਵਿੱਚ ਡੁਬੋਈ, ਪਾਣੀ ਆਪ ਉਛੱਲ ਕੇ ਗਾਗਰ ਵਿੱਚ ਪੈਣ ਲੱਗਾ, ਉਹ ਡਰ ਗਈ ਅਤੇ ਛੇਤੀ ਛੇਤੀ ਉੱਥੋਂ ਚਲੀ ਗਈ।
ਰਾਹ ਵਿੱਚ ਜੋ ਉਸਦਾ ਮਨ - ਭਾਉਂਦਾ ਫੁੱਲਾਂ ਵਾਲਾ ਦਰਖ਼ਤ ਸੀ, ਉਸ 'ਤੇ ਬਹਾਰ ਆ ਗਈ ਸੀ ਅਤੇ ਫੁੱਲਾਂ ਨਾਲ ਭਰ ਗਿਆ ਸੀ। ਉਹ ਫ਼ੇਰ ਹੈਰਾਨ ਹੋ ਗਈ ਕਿ ਅੱਜ ਉਸ ਨਾਲ ਕੀ ਹੋ ਰਿਹਾ ਹੈ?
ਰਾਹ ਵਿੱਚ ਜਦੋਂ ਅੱਗੇ ਤੁਰੀ ਤਾਂ ਉਸਨੂੰ ਇੱਕ ਸੋਨੇ ਦੇ ਸਿੱਕਿਆਂ ਦੀ ਪੋਟਲੀ ਮਿਲੀ, ਉਸਨੂੰ ਲੱਗਾ ਕਿ ਕੋਈ ਰਾਹਗੀਰ ਦੀ ਡਿੱਗ ਪਈ ਹੈ ਅਤੇ ਉਹ ਜਰੂਰ ਹੀ ਲੈਣ ਵਾਪਸ ਆਵੇਗਾ। ਇਸ ਲਈ ਉਹ ਉੱਥੇ ਹੀ ਧੁੱਪ ਵਿੱਚ ਰਾਹੀ ਦੇ ਇੰਤਜ਼ਾਰ 'ਚ ਬੈਠ ਗਈ। ਸਵੇਰ ਤੋਂ ਸ਼ਾਮ ਹੋ ਗਈ, ਪਰ ਕੋਈ ਨਹੀਂ ਆਇਆ, ਉਸਨੇ ਇੰਨੇ ਵਕਤ ਵਿੱਚ ਸਮਾਂ ਲੰਘਾਉਣ ਲਈ ਪੇੜ ਦੇ ਫੁੱਲਾਂ ਨਾਲ ਖੇਡਦੇ ਹੋਏ ਇੱਕ ਬਹੁਤ ਸੋਹਣਾ ਹਾਰ ਅਤੇ ਤਾਜ ਬਣਾ ਦਿੱਤਾ ਸੀ। ਇਹ ਹਾਰ ਅਤੇ ਤਾਜ ਹੀਰੇ- ਜਵਾਹਰਾਤ ਤੋਂ ਵੀ ਕਿਤੇ ਸੋਹਣਾ ਲੱਗ ਰਿਹਾ ਸੀ।
ਉਸਨੇ ਇਹ ਤਾਜ ਆਪਣੇ ਸਿਰ 'ਤੇ ਲਾਇਆ ਅਤੇ ਹਾਰ ਗਲ਼ ਚ ਪਾ ਕੇ ਨੱਚਣ ਲੱਗ ਪਈ। ਉਸਨੂੰ ਇੰਞ ਲੱਗਾ ਕਿ ਉਸਦਾ ਰਾਜਕੁਮਾਰੀਆਂ ਵਾਂਗੂੰ ਲੱਗਣਾ ਅਤੇ ਮਹਿਸੂਸ ਕਰਵਾਉਣ ਵਾਲਾ ਰੱਬ ਹੀ ਹੈ, ਉਸਨੇ ਹੀ ਰਾਹੀ ਦੇ ਬਹਾਨੇ ਉਸਨੂੰ ਇੱਥੇ ਉਲਝਾਈ ਰੱਖਿਆ ਹੈ ਤੇ ਉਸਨੇ ਪ੍ਰਭੂ ਦੀ ਕਿਰਪਾ ਨਾਲ ਆਪਣਾ ਵੱਡਾ ਸੁਪਨਾ ਪੂਰਾ ਕਰ ਲਿਆ, ਰਾਜਕੁਮਾਰੀ ਦੀ ਤਾਜਪੋਸ਼ੀ ਵਾਜੋਂ...।
ਅਚਾਨਕ ਉੱਥੋਂ ਇੱਕ ਸਾਧੂ ਲੰਘ ਰਿਹਾ ਸੀ ਅਤੇ ਉਸਨੇ ਕੁੜੀ ਨੂੰ ਵੇਖ ਕੇ ਨਮਸਕਾਰ ਕਰਦੇ ਹੋਏ ਕਿਹਾ ਕਿ ' ਹੇ ਰਾਜਕੁਮਾਰੀ ਤੁਸੀਂ ਇਸ ਵਣ ਵਿੱਚ ਕੀ ਕਰ ਰਹੇ ਹੋ। ਤਾਂ ਉਸਨੂੰ 'ਰਾਜਕੁਮਾਰੀ' ਸੁਣ ਕੇ ਹੋਰ ਲਹਿਰ ਚੜ ਗਈ ਕਿ ਉਸਨੂੰ ਕਿਸੇ ਨੇ ਰਾਜਕੁਮਾਰੀ ਨਾਂ ਨਾਲ ਬੁਲਾਇਆ।
ਕੁੜੀ ਬੋਲੀ ਕਿ ਉਹ ਰਾਹੀ ਦਾ ਇੰਤਜ਼ਾਰ ਕਰ ਰਹੀ ਹੈ, ਜਿਸਦੀ ਪੋਟਲੀ ਰਹਿ ਗਈ ਹੈ।
ਸਾਧੂ ਨੇ ਕਿਹਾ ਕਿ ਇਹ ਪੋਟਲੀ ਕਿਸੇ ਦੀ ਨਹੀਂ ਹੈ, ਇਹ ਤਾਂ ਉਸ ਲਈ ਪ੍ਰਮਾਤਮਾ ਦੀ ਦਾਤ ਹੈ। ਜੈਸੀਕਾ ਨੇ ਕਿਹਾ ਕਿ ਉਸ ਲਈ ਇਸਦਾ ਕੋਈ ਮੋਲ ਮਤਲਬ ਨਹੀਂ ਹੈ, ਕਿਉਂਕਿ ਉਹ ਵੈਸੇ ਵੀ ਰਾਤ ਤੱਕ ਮਰਨ ਵਾਲੀ ਹੈ।
ਸਾਧੂ ਮੁਸਕੁਰਾਇਆ ਅਤੇ ਕਿਹਾ ਕਿ ਉਸਨੇ ਮਹਿਜ਼ ਇੱਕ ਸੁਪਨਾ ਵੇਖਿਆ ਹੈ ਅਤੇ ਸੁਪਨੇ ਸੱਚ ਨਹੀਂ ਹੁੰਦੇ। ਜੈਸੀਕਾ ਨੇ ਕਿਹਾ ਕਿ ਅੱਜ ਉਸ ਨਾਲ ਬੜੀ ਹੀ ਹੈਰਾਨੀਜਨਕ ਗੱਲਾਂ ਹੋ ਰਹੀਆਂ ਹਨ, ਇਸ ਲਈ ਕੁਝ ਵੀ ਝੂਠ ਨਹੀਂ ਹੈ।
ਸਾਧੂ ਫ਼ੇਰ ਹੱਸਿਆ। ਸਾਧੂ ਨੇ ਕਿਹਾ ਉਹ ਸਾਧੂ ਦੀ ਹੀ ਕਰਾਮਾਤ ਹੈ। ਉਸਨੇ ਆਪਣਾ ਅਸਲ ਰੂਪ ਧਾਰਿਆ ਅਤੇ ਇੱੱਕ ਰੁਹਾਨੀ ਨੂਰ ਰੂਪ ਵਿੱਚ ਪ੍ਰਗਟ ਹੋ ਗਿਆ।
ਜੈਸੀਕਾ ਵੇਖ ਕੇ ਹੈਰਾਨ ਹੋ ਗਈ ਅਤੇ ਪੁੱਛਣ ਲੱਗੀ ਕਿ ਉਹ ਕੌਣ ਹਨ, ਤਾਂ ਸਾਧੂ ਨੇ ਜਵਾਬ ਦਿੱਤਾ ਕਿ ਉਹ ਪਰਮਾਤਮਾ ਹੈ, ਉਸਦਾ ਵਿਸ਼ਵਾਸ ਹੈ। ਉਹ, ਉਹ ਹੈ, ਜਿਸਨੂੰ ਜੈਸੀਕਾ ਰੋਜ਼ ਯਾਦ ਕਰਦੀ ਹੈ।
ਜੈਸੀਕਾ ਨੇ ਬੜੀ ਨਿਮਰਤਾ ਤੇ ਚੰਚਲਪਨ ਵਿੱਚ ਹੱਥ ਜੋੜੇ ਤੇ ਕਿਹਾ ਕਿ ਉਹ ਚੱਲਣ ਲਈ ਤਿਆਰ ਹੈ। ਸਾਧੂ (ਰੁਹਾਨੀ ਸ਼ਕਤੀ) ਫ਼ੇਰ ਮੁਸਕੁਰਾਏ ਅਤੇ ਕਹਿਣ ਲੱਗੇ ਕਿ ਉਹ ਉਸਦੀ ਪ੍ਰੀਖਿਆ ਲੈ ਰਹੇ ਸੀ ਅਤੇ ਉਹ ਪ੍ਰੀਖਿਆ ਵਿੱਚ ਸਫ਼ਲ ਹੋ ਗਈ ਹੈ।
ਉਹਨਾਂ ਨੇ ਜੈਸੀਕਾ ਨੂੰ ਦੱਸਿਆ ਕਿ ਉਹ ਆਪਣੀ ਧਰਮ ਰਾਜ ਮਾਤਾ ਨੂੰ ਵਿਸ਼ਵਾਸ ਕਰਾਉਣਾ ਚਾਹੁੰਦੇ ਸਨ ਕਿ ਤੂੰ ਮੇਰੀ ਸੱਚੀ ਭਗਤ ਹੈਂ ਅਤੇ ਛੋਟੀ ਉਮਰ 'ਚ ਭਗਤੀ ਚੰਚਲਪਨ ਨਹੀਂ ਹੈ ਅਤੇ ਨਾ ਉਹਦੀ ਅਰਾਧਨਾ ਵਿੱਚ ਮਰਨ ਦੇ ਡਰ ਨਾਲ ਕਦੇ ਵੀ ਕੋਈ ਫ਼ਰਕ ਆਵੇਗਾ।
ਜਦੋਂ ਉਸਨੂੰ ਸੁਪਨਾ ਆਇਆ ਸੀ ਤਾਂ ਉਹ ਉਸਨੂੰ ਮੌਤ ਦੇ ਨਾਂ ਤੋਂ ਡਰਾ ਕੇ ਪਰਖਣਾ ਚਾਹੁੰਦੇ ਸਨ। ਫ਼ੇਰ ਨਦੀ ਕਿਨਾਰੇ ਪਾਣੀ ਦੀ ਧਾਰ ਨਾਲ। ਫ਼ੇਰ ਦਰਖਤਾਂ ਦੀਆਂ ਕਰਾਮਾਤਾਂ ਅਤੇ ਕਸ਼ਮਕਸ਼ ਖੇਡ ਨਾਲ। ਫ਼ੇਰ ਸਿੱਕਿਆਂ ਦੀ ਪੋਟਲੀ ਨਾਲ ਉਸਦਾ ਮਨ ਪਰਖਣਾ ਚਾਹੁੰਦੇ ਸਨ। ਪਰ ਉਹ ਪ੍ਰੀਖਿਆ ਵਿੱਚ ਸਫ਼ਲ ਹੋਈ ਹੈ ਕਿ ਉਹ ਘਬਰਾਈ ਨਹੀਂ, ਬਲਕਿ ਆਪਣੇ ਇਸ ਦਿਨ ਨੂੰ ਪਹਿਲਾਂ ਨਾਲੋਂ ਵੀ ਵੱਧ ਖੁਸ਼ ਹੋ ਕੇ ਜਿਉਂਇਆ ਹੈ ਅਤੇ ਆਪਣਾ ਰਾਜਕੁਮਾਰੀ ਦਾ ਸੁਪਨਾ ਆਪ ਹੀ ਸੱਚ ਕੀਤਾ ਹੈ, ਖੂਬਸੂਰਤ ਦਿਲ ਦੀ ਰਾਜਕੁਮਾਰੀ। ਉਹ ਰਾਜਕੁਮਾਰੀ ਧਨ - ਦੌਲਤ ਕਰਕੇ ਨਹੀਂ, ਬਲਕਿ ਆਪਣੀ ਜਿੰਦਾ ਦਿਲੀ, ਸੱਚੇ ਸੁੱਚੇ ਦਿਲ ਕਰਕੇ ਹੈ।
ਜਾਂਦੇ ਜਾਂਦੇ ਪਰਮਾਤਮਾ ਨੇ ਜੈਸੀਕਾ ਨੂੰ ਵਰਦਾਨ ਦਿੱਤਾ ਕਿ ਉਹ ਹਮੇਸ਼ਾ ਮੁਸ਼ਕਲਾਂ ਨੂੰ ਇਵੇਂ ਹੀ ਮਾਤ ਦੇਵੇਗੀ ਅਤੇ ਸਿੱਕਿਆਂ ਦੀ ਪੋਟਲੀ ਇਨਾਮ ਵਜੋਂ ਦਿੱਤੀ ਤੇ ਕਿਹਾ ਕਿ ਇਹ ਉਸਦਾ ਖਾਸ ਦਿਨ ਸੀ, ਪਰ ਆਖਰੀ ਨਹੀਂ।
ਜੈਸੀਕਾ ਨੇ ਨਮਸਕਾਰ ਕੀਤਾ ਤੇ ਆਪਣੇ ਘਰ ਆ ਗਈ।
ਜੈਸੀਕਾ ਨੇ ਨਮਸਕਾਰ ਕੀਤਾ ਤੇ ਆਪਣੇ ਘਰ ਆ ਗਈ।
ਜੈਸੀਕਾ ਨੂੰ ਜਿੰਦਗੀ ਦਾ ਆਖਰੀ ਦਿਨ ਹਮੇਸ਼ਾ ਉਸਨੂੰ ਜਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਲੱਗਦਾ ਹੈ।
ਸੁਗਮ ਬਡਿਆਲ🌻
Comments