ਕਾਗਜ਼ ਉੱਤੇ ਭੱਵਿਖ Kagaz Utte Bhawikh




ਅਚਾਨਕ ਹਾਹਾਕਾਰ ਮੱਚ ਗਈ। ਕੀ ਹੋਇਆ? ਸਭ ਦੀ ਜੁਬਾਨ ਤੇ ਪੑਸ਼ਨ ਸੀ। ਜਿਸ ਸਰੋਤ ਤੋਂ ਸ਼ਾਇਦ ਪਤਾ ਲੱਗਣਾ ਸੀ - ਅਖਬਾਰ, ਸਰੋਤਿਆਂ ਤਕ ਪੁੱਜਿਆ ਹੀ ਨਹੀਂ ਸੀ। ਅਖਵਾਰ, ਪਿੑਟਿੰਗ ਪਰੈੱਸਾਂ ਕਾਗਜ਼ ਦੀ ਸਪਲਾਈ ਨਾ ਹੋਣ ਕਰਕੇ ਦੋ ਦਿਨਾਂ ਤੋਂ ਬੰਦ ਸਨ।

ਐਜੁਕੇਸ਼ਨ ਸਿਸਟਮ ਰੁਕ ਗਿਆ ਸੀ। ਕਾਗਜ਼ ਦਾ ਪੑਭਾਵ ਬੱਚਿਆਂ ਦੇ ਭੱਵਿਖ ਤੇ ਪੈਂਦਾ ਨਜ਼ਰ ਆਉਣ ਲੱਗ ਪਿਆ ਸੀ। ਆਰਟਿਸਟਾਂ ਦੇ ਰੋਜਗਾਰ ਖਤਮ ਹੁੰਦੇ ਨਜ਼ਰ ਆ ਰਹੇ ਸਨ। ਸਰਕਾਰ ਦੇ ਕਾਗਜ਼ੀ ਕਾਰਵਾਈਆਂ ਰੁਕ ਗਈਆਂ। ਬੈਂਕਾਂ, ਦਫਤਰਾਂ, ਮਿਉਂਸੀਪਲ ਕਮੇਟੀ ਦਫਤਰ 'ਚ ਆਖਰੀ ਕਾਗਜ਼ ਤੋਂ ਬਾਦ ਠੱਪ ਹੋ ਗਿਆ। ਬੈਂਕ ਤੇ ਸਰਕਾਰੀ ਦਫਤਰਾਂ ਦੇ ਬਾਹਰ ਲੋਕਾਂ ਦੀ ਆਪਣੇ ਅਧੂਰੇ ਕੰਮ ਪੂਰੇ ਕਰਵਾਉਂਣ ਲਈ ਲੱਗੀਆਂ ਕਤਾਰਾਂ ਹੋਰ ਲੰਮੀਆਂ ਹੋ ਰਹੀਆਂ ਸਨ। 

ਇਹ ਕੀ ਹੋ ਰਿਹਾ ਸੀ? ਕਿਸ ਕਾਰਣ ਹੋ ਰਿਹਾ ਸੀ? ਅਣਜਾਣ ਬਣ ਕੇ ਪੁੱਛ ਰਹੇ ਸਨ। ਕਾਗਜ਼ ਲਈ ਆਖਰੀ ਟਰੱਕ ਵੀ ਲੁੱਟ ਲਿਆ ਗਿਆ ਸੀ। ਲੋਕ ਕਾਗਜ਼ ਨੂੰ ਸੋਨੇ ਨਾਲੋਂ ਵੀ ਮਹਿੰਗੇ ਮੁੱਲ ਤੇ ਵੇਚਣ ਤੇ ਖਰੀਦਣ ਲਈ ਤਿਆਰ ਸਨ। ਸਮਾਂ ਬੀਤ ਰਿਹਾ ਸੀ ਅਤੇ ਹੁਣ ਕਾਗਜ਼ ਬਲੈਕ ਵਿੱਚ ਵੀ ਵੇਚਣ ਨੂੰ ਕੋਈ ਤਿਆਰ ਨਹੀਂ ਸੀ, ਕਿਉਂਕਿ ਸਪਲਾਇਰ ਨੂੰ ਆਪਣੇ ਲਈ ਵੀ ਚਾਹੀਦਾ ਸੀ। 

ਜਿਸ ਚੀਜ਼ ਦੇ ਵੱਟੇ ਕਾਗਜ਼ ਜਾਂ ਕੋਈ ਵੀ ਹੋਰ ਚੀਜ਼ ਲੈਣੀ ਸੀ, ਉਸ ਦੀ (ਨੋਟਾਂ ਦੇ) ਛਪਾਈ ਕਾਗਜ਼ ਨਾ ਹੋਣ ਕਾਰਣ ਰੁਕ ਗਈ ਸੀ। 
ਹੁਣ ਮਸਲਾ ਇਹ ਖੜਾ ਹੋ ਗਿਆ ਹੈ ਕਿ ਆਖਿਰ ਕਾਗਜ਼
ਕਿਉਂ ਨਹੀਂ ਆ ਰਿਹਾ ਹੈ। ਇਹ ਮਸਲੇ ਸਾਡੇ ਆਪ ਖੜੇ ਕੀਤੇ ਹੋਏ ਸਨ।

ਕਿਸੇ ਬਜ਼ੁਰਗ ਨੇ ਆਪਸ 'ਚ ਗੱਲ ਬਾਤ ਕਰਦੇ ਪੁੱਛਿਆ ਕਿ ਤੁਹਾਡੇ ਘਰ ਕਿੰਨੇ ਪੇੜ ਪੌਦੇ ਹਨ? ਤਾਂ ਸਾਹਮਣੇ ਖੜੇ ਬੰਦੇ ਨੇ ਜੁਆਬ ਦਿੱਤਾ "ਇੱਕ ਹੈ, ਪਰ ਹਾਲੇ ਛੋਟਾ ਹੈ।"

"ਫ਼ੇਰ ਤੁਹਾਨੂੰ ਸਰਟੀਫਿਕੇਟ ਮਿਲਣ ਨੂੰ ਸਮਾਂ ਲੱਗੇਗਾ" ਬਜ਼ੁਰਗ ਨੇ ਵਿਅੰਗ ਕੱਸਦੇ ਹੋਏ ਕਿਹਾ। "ਕਿਉਂ? " ਵਿਅਕਤੀ ਨੇ ਪੁੱਛਿਆ। 'ਇਸ ਗੱਲ ਦਾ ਸਰਟੀਫਿਕੇਟ ਨਾਲ ਕੀ ਮਤਲਬ? ' ਮੂੰਹ 'ਚ ਬੁੜਬੁੜਾਉਂਦੇ ਹੋਏ ਵਿਅਕਤੀ ਨੇ ਕਿਹਾ 'ਸ਼ੁਦਾਈ ਲੱਗਦਾ ਹੈ' ਤੇ ਮੂੰਹ ਦੂਜੇ ਪਾਸੇ ਕਰ ਲਿਆ। 

ਜੋ ਗੱਲ ਉਸਦੇ ਸਮਝ ਨਾ ਆਈ, ਉਹ ਇੱਕ ਸੱਚੀ ਗੱਲ ਸੀ।

ਦਰਖਤ ਤਾਂ ਅਸੀਂ ਕਦੇ ਲਗਾਏ ਨਹੀਂ। ਜੇ ਕਿਸੇ ਵਿਅਕਤੀ ਨੇ ਇਸ ਦੀ ਅਹਮੀਅਤ ਦੇ ਮੱਦੇਨਜ਼ਰ ਲਗਾਏ ਸਨ, ਉਹ ਅਸੀਂ ਰਹਿਣ ਨਹੀਂ ਦਿੱਤੇ। ਸਾਨੂੰ ਆਪਣੇ ਘਰਾਂ ਲਈ ਚੰਗਾ ਫਰਨੀਚਰ ਚਾਹੀਦਾ ਹੈ, ਅੱਗ ਵਾਲਣ ਲਈ ਲੱਕੜਾਂ ਵੀ ਚਾਹੀਦੀਆਂ ਹਨ, ਫ਼ੇਰ ਪੜੵਨ ਲਿਖਣ ਲਈ ਕਾਪੀਆਂ ਕਿਤਾਬਾਂ, ਅਖਬਾਰਾਂ ਵੀ ਚਾਹੀਦੀਆਂ ਹਨ। ਪਰ ਸਾਡੇ ਘਰ ਵਿੱਚ ਇੱਕ ਵੀ ਦਰਖਤ ਲਈ ਥਾਂ ਨਹੀਂ ਹੈ। 

ਉਹ ਦਿਨ ਦੂਰ ਨਹੀਂ, ਜਦੋਂ ਸਿਰਫ਼ ਸਦੀਆਂ ਤੱਕ ਫੇਰ ਦਰਖਤਾਂ ਦੇ ਵੱਡੇ ਹੋਣ ਦਾ ਇੰਤਜ਼ਾਰ ਕਰਨਾ ਪਏਗਾ ਤੇ ਕਾਗਜ਼ ਪੑਾਪਤੀ ਦਾ ਵੀ। 
ਸ਼ਾਇਦ ਇਹ ਭੱਵਿਖ ਨਾ ਹੀ ਹੋਏ, ਜੇਕਰ ਹੋਇਆ ਤਾਂ ਅਸੀਂ ਵਿਕਾਸ ਦੀ ਉਸ ਸਿਖਰ ਤੋਂ ਨੀਚੇ ਡਿੱਗਾਂਗੇ, ਜਿੱਥੋਂ ਵਾਪਸ ਉੱਪਰ ਜਾਣ ਵਿੱਚ ਫੇਰ ਸਦੀਆਂ ਲੱਗ ਜਾਣ। 

ਸੋਚ ਕੇ ਦੇਖੋ ਕਿ ਜੇ ਅੱਜ ਤੋਂ ਪੰਜ ਦੱਸ ਸਾਲਾਂ ਬਾਦ ਅਚਾਨਕ ਕਾਗਜ਼ ਲਈ ਹਾਹਾਕਾਰ ਮੱਚੀ, ਤਾਂ ਤੁਹਾਡੇ ਕਿਹੜੇ ਕੰਮ ਅਧੂਰੇ ਰਹਿ ਜਾਣਗੇ? ਜਰੂਰ ਸੋਚੋ।



ਸੁਗਮ ਬਡਿਆਲ 🌼

Comments

Popular Posts