ਮਨੁੱਖਤਾ ਦੇ ਵਿਸ਼ਾਲ ਇਤਿਹਾਸ ਵਿੱਚ ਬਹੁਤ ਘੱਟ ਕੁਰਬਾਨੀਆਂ ਨੇ ਅਜਿਹਾ ਚਾਨਣ ਬਿਖੇਰਿਆ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ। ਉਨ੍ਹਾਂ ਦਾ ਜੀਵਨ ਧਿਆਨ, ਦਇਆ ਅਤੇ ਨਿਸ਼ਕਾਮ, ਨਿਸ਼ਕਪਟ ਸੱਚ ਦੀ ਯਾਤਰਾ ਸੀ—ਪਰ ਉਨ੍ਹਾਂ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਆਜ਼ਾਦੀ ਲਈ ਇਕ ਮੋੜ ਬਣ ਗਈ।
ਸਭ ਦਾ ਗੁਰੂ — ਇਕ ਆਸਰਾ, ਇਕ ਪਰਛਾਵਾਂ
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਘਰ ਜਨਮ ਲਿਆ। ਬਚਪਨ ਤੋਂ ਹੀ ਉਹ ਬਹਾਦਰੀ, ਸ਼ਾਂਤੀ ਅਤੇ ਆਧਿਆਤਮਿਕ ਗਹਿਰਾਈ ਦੇ ਮਾਲਕ ਸਨ। ਉਹ ਇੱਕ ਸ਼ਾਇਰ, ਵਿਦਵਾਨ ਅਤੇ ਤੱਤ ਗਿਆਨੀ ਸਨ — ਉਨ੍ਹਾਂ ਦੇ 115 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।
ਪਰ ਉਹਨਾਂ ਦੀ ਹਸਤੀ ਦਾ ਸਭ ਤੋਂ ਸੁੰਦਰ ਪਾਸਾ ਇਹ ਸੀ ਕਿ ਉਹ ਸਾਰੇ ਮਨੁੱਖਾਂ ਦੇ ਗੁਰੂ ਸਨ—ਗਰੀਬਾਂ ਦੇ, ਬੇਸਹਾਰਿਆਂ ਦੇ, ਡਰੇ ਹੋਏ ਲੋਕਾਂ ਦੇ, ਪੀੜਤਾਂ ਦੇ।
ਉਸ ਸਮੇਂ ਔਰੰਗਜ਼ੇਬ ਦੇ ਰਾਜ ਵਿੱਚ ਜ਼ੁਲਮ ਦੀ ਕਾਲੀ ਛਾਂ ਵੱਧ ਰਹੀ ਸੀ। ਖ਼ਾਸ ਕਰਕੇ ਕਸ਼ਮੀਰੀ ਪੰਡਿਤ ਤੜਪ ਰਹੇ ਸਨ। ਜ਼ਬਰਨ ਧਰਮ ਪਰਿਵਰਤਨ ਕਰਵਾਏ ਜਾ ਰਹੇ ਸਨ। ਜਦੋਂ ਕੋਈ ਰਾਹ ਨਾ ਬਚਿਆ, ਤਾਂ ਹਿੰਦੂ ਲੋਕ ਕੰਬਦੀਆਂ ਉਮੀਦਾਂ ਨਾਲ ਆਨੰਦਪੁਰ ਸਾਹਿਬ ਆ ਪਹੁੰਚੇ ਅਤੇ ਆਪਬੀਤੀ ਸੁਣਾਈ।
ਗੁਰੂ ਸਾਹਿਬ ਦੀ ਨਿਮਰ, ਪਰ ਨਿਡਰ ਬੋਲੀ ਨੇ ਉਨ੍ਹਾਂ ਦੇ ਦਿਲਾਂ ਵਿੱਚ ਹੌਸਲਾ ਭਰਤਾ।
ਕਸ਼ਮੀਰੀ ਪੰਡਿਤਾਂ ਦੀ ਅਰਦਾਸ ਸਿਰਫ਼ ਆਪਣੇ ਧਰਮ ਨੂੰ ਬਚਾਉਣ ਦੀ ਨਹੀਂ ਸੀ— ਇਹ ਵਿਸ਼ਵਾਸ ਦੀ ਆਜ਼ਾਦੀ ਨੂੰ ਬਚਾਉਣ ਦੀ ਪੁਕਾਰ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਸਨ ਕਿ ਖਾਮੋਸ਼ੀ ਵੀ ਜ਼ੁਲਮ ਦਾ ਸਾਥ ਹੈ।
ਉਨ੍ਹਾਂ ਨੇ ਬਿਨਾਂ ਦੇਰੀ, ਇਕ ਫ਼ੈਸਲਾ ਸੁਣਾਇਆ:
“ਜਿਸ ਧਰਮ ਲਈ ਤੁਸੀਂ ਆਏ ਹੋ, ਜੇ ਉਸ ਲਈ ਸਿਰ ਵੀ ਦੇਣਾ ਪਏ ਤਾਂ ਇਹ ਸਿਰ ਹਾਜ਼ਰ ਹੈ।”
ਗੁਰੂ ਸਾਹਿਬ ਨੇ ਸਿਰਫ਼ ਸਿੱਖਾਂ ਨੂੰ ਨਹੀਂ— ਸਾਰੀ ਮਨੁੱਖਤਾ ਨੂੰ ਬਚਾਉਣ ਦਾ ਵਚਨ ਦਿੱਤਾ।
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।”
ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਲਈ ਰਵਾਨਾ ਹੋਏ। ਨਾ ਕੋਈ ਫੌਜ, ਨਾ ਹਥਿਆਰ—ਸਿਰਫ਼ ਸੱਚ ਅਤੇ ਅਟੱਲ ਹੌਂਸਲਾ।
“ਸਗਲ ਦੁਆਰ ਕੋ ਛਾਡਿ ਕੈ ਗਹਿਓ ਤਿਹਾਰੋ ਦੁਆਰ।”
ਨਵੰਬਰ 1675 ਵਿੱਚ ਗੁਰੂ ਸਾਹਿਬ ਨੂੰ ਦਿੱਲੀ ਵਿਖੇ ਬੰਦੀ ਬਣਾ ਲਿਆ ਗਿਆ। ਔਰੰਗਜ਼ੇਬ ਨੇ ਉਨ੍ਹਾਂ ਤੋਂ ਮੁਗਲ ਦਰਬਾਰ ਵਿੱਚ ਤਿੰਨ ਵਿਕਲਪ ਰੱਖੇ ਗਏ:
ਇਸਲਾਮ ਕਬੂਲ ਕਰੋ।
ਕੋਈ ਚਮਤਕਾਰ ਕਰੋ।
ਜਾਂ ਮੌਤ ਸਵੀਕਾਰ ਕਰੋ।
ਗੁਰੂ ਸਾਹਿਬ ਨੇ ਦੋਵੇਂ ਇਨਕਾਰ ਕਰ ਦਿੱਤੇ। ਗੁਰੂ ਸਾਹਿਬ ਨੇ ਸਭ ਤੋਂ ਉੱਚਾ ਰਾਹ ਚੁਣਿਆ। ਸੱਚ ਨੂੰ ਜਿੱਤਣ ਦਿਓ - ਚਾਹੇ ਸਰੀਰ ਮਰ ਵੀ ਜਾਵੇ।
ਫਿਰ ਗੁਰੂ ਸਾਹਿਬ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਨੂੰ ਕਠੋਰ ਤਰੀਕੇ ਨਾਲ ਸ਼ਹੀਦ ਕੀਤਾ ਗਿਆ: ਭਾਈ ਮਤੀ ਦਾਸ ਜੀ ਨੂੰ ਦੋ ਹਿੱਸਿਆਂ ਵਿੱਚ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਖੌਲਦੇ ਤੇਲ ਵਿੱਚ ਸੁੱਟਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜੀਊਂਦੇ ਸਾੜ ਦਿੱਤਾ ਗਿਆ।
ਅੰਤ ਵਿੱਚ 11 ਨਵੰਬਰ 1675, ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਪਰ ਇਹ ਸਿਰ ਨਹੀਂ ਡਿੱਗਿਆ— ਇਹ ਮਨੁੱਖਤਾ ਦੀ ਨੀਂਹ ਬਣ ਗਿਆ।
ਸੱਚ, ਸੇਵਾ, ਸਤਿਕਾਰ ਅਤੇ ਬੇਮਿਸਾਲ ਭਗਤੀ ਦੀ ਮਿਸਾਲ।
ਗੁਰੂ ਸਾਹਿਬ ਦੇ ਅਸਤੀਆਂ ਨੂੰ ਸਮਾਲਣ ਦਾ ਢੰਗ ਵੀ ਇਤਿਹਾਸ ਦਾ ਹਿੱਸਾ ਬਣ ਗਿਆ। ਭਾਈ ਜੈਤਾ ਜੀ ਤੂਫ਼ਾਨਾਂ, ਰਾਤਾਂ ਅਤੇ ਖਤਰਿਆਂ ਨੂੰ ਚੀਰਦੇ ਹੋਏ, ਗੁਰੂ ਸਾਹਿਬ ਦਾ ਸੀਸ ਆਨੰਦਪੁਰ ਸਾਹਿਬ ਲੈ ਕੇ ਗਏ।
ਲੱਖੀ ਸ਼ਾਹ ਵੰਜਾਰਾ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ, ਤਾਂ ਜੋ ਮੁਗਲ ਫ਼ੌਜ ਨੂੰ ਪਤਾ ਨਾ ਲੱਗੇ।
ਇਹ ਮੌਤ ਨਹੀਂ ਸੀ—
ਇਹ ਆਜ਼ਾਦੀ ਦਾ ਜਨਮ ਸੀ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਕੰਮਾਂ ਵਿੱਚੋਂ ਇੱਕ ਹੈ। ਉਹਨਾਂ ਨੇ ਆਪਣੀ ਜਾਨ ਦੇ ਕੇ ਇਹ ਸਿੱਖਿਆ ਦਿੱਤੀ ਕਿ ਇਕੱਲਾ ਹੋ ਕੇ ਵੀ ਸੱਚ ਨਾਲ ਖੜ੍ਹੇ ਰਹੋ।
ਤਾਕਤ ਮਿਲੇ ਤਾਂ ਕਮਜ਼ੋਰਾਂ ਦੀ ਰੱਖਿਆ ਕਰੋ। ਆਜ਼ਾਦੀ ਸਭ ਤੋਂ ਕੀਮਤੀ ਹੈ—ਇਸ ਦੀ ਰੱਖਿਆ ਆਪਣੀ ਜਾਨ ਦੇ ਕੇ ਵੀ ਕਰੋ।
ਅੱਜ ਦੇ ਯੁੱਗ ਵਿੱਚ, ਜਦੋਂ ਆਵਾਜ਼ਾਂ ਦਬਾਈਆਂ ਜਾਂਦੀਆਂ ਹਨ, ਜਦੋਂ ਡਰ ਇਨਸਾਨ ਦੀ ਸੋਚ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ— ਗੁਰੂ ਸਾਹਿਬ ਦੀ ਸਿੱਖਿਆ ਇੱਕ ਚਾਨਣ ਵਾਂਗ ਸਾਨੂੰ ਰਸਤਾ ਦਿਖਾਉਂਦੀ ਹੈ। ਸਾਡੇ ਵਿੱਚ ਉਤਸ਼ਾਹ ਭਰ ਦਿੰਦੀ ਹੈ। ਇਕ ਵਿਅਕਤੀ ਦੀ ਸੱਚਾਈ ਲੱਖਾਂ ਦਾ ਭਵਿੱਖ ਬਚਾ ਸਕਦੀ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਹਨ ਅਤੇ ਹਮੇਸ਼ਾਂ ਰਹਿਣਗੇ—“ਹਿੰਦ ਦੀ ਚਾਦਰ”
ਜਿਹਨਾਂ ਨੇ ਸਿਰਫ਼ ਇੱਕ ਕੌਮ ਨਹੀਂ, ਬਲਕਿ ਪੂਰੀ ਸੱਭਿਆਚਾਰ ਦੀ ਆਜ਼ਾਦੀ ਦੀ ਰੱਖਿਆ ਕੀਤੀ।
No comments:
Post a Comment