ਖੁਆਬਾਂ ਦੀ ਖੁਆਰੀ Khaaban di Khuari

ਇੰਤਜ਼ਾਰ ਪਏ ਸੀ ਕਰਦੇ
ਬੜਾ ਹੁਣ ਲੰਬਾ ਹੋ ਗਿਆ, 
ਦਿਲ ਪਾਣੀ ਦੇ ਬੁਲਬਲੇ ਵਾਂਗੂ ਉਭਰਦਾ
ਓਹਦੇ ਵਰਗੀ ਹੀ ਇੱਕ ਅਵਾਜ਼ ਸੁਣ ਕੇ, 
ਫ਼ੇਰ ਬੁੱਝ ਜਾਂਦਾ ਦੀਵੇ ਵਾਂਗੂ,
ਕਿਉਂਕਿ ਉਹ ਨਹੀਂ ਸੀ,
ਭੁਲੇਖੇ ਸੀ ਓਹਦੀ ਅਵਾਜ਼ ਦੇ, 

ਕਾਸ਼! ਕੋਈ ਲੀਕ ਪਈ ਮਿਲ ਜਾਵੇ ਰਾਹ ਮੇਰੇ 'ਚ
ਤੇ ਉਸੇ ਨੂੰ ਮਿਣਤੀ-ਮਿਣਦੀ ਪੁੱਜਾਂ
ਖਾਬਾਂ ਦੀ ਚਾਰ ਦੀਵਾਰੀ ਅੰਦਰ, 
ਕਿਹੜੀ ਗੱਲੋਂ ਪਈਆਂ ਦੂਰੀਆਂ
ਬਿਆਨ ਕਰ ਦਈਂ 'ਸੁਗਮ' ਇੱਕੋ ਸਾਹ ਅੰਦਰ,
ਤਰਕਾਲਾਂ ਹੋ ਚਲੀਆਂ ਨੇ
ਫ਼ੇਰ ਵਕਤ ਨਹੀਂ ਸਾਹਾਂ ਤੇਰਿਆਂ ਕੋਲ, 

ਕੀ ਅਸੀਂ ਵੀ ਰੋਵਾਂਗੇ? 
ਕਿਉਂਕਿ ਟੁੱਟੇ ਦਿਲਾਂ ਦੀ ਰੀਤ ਹੰਝੂ
ਸੁਪਨਿਆਂ ਦੀ ਲਾਸ਼ਾਂ ਵੇਖੀਆਂ ਹੀ ਨਹੀਂ
ਤਾਂ ਸੁਆਹ ਕਿੱਥੋ ਕਾਹਦੀ ਢੋਵਾਂਗੇ।

ਅੱਖਾਂ ਦੇ ਨੀਰ ਵਹੇ, ਤੇ ਉਖੜੀਆਂ ਨੀਂਦਾਂ ਦਾ ਦੋਸ਼
ਪਤਾ ਹੀ ਨਹੀਂ ਕਿਸਦੇ ਸਿਰ ਪਾਵਾਂਗੇ
ਜੇ ਰੱਬਾ! ਤੂੰ ਕੀਤੀ ਬੇਵਫ਼ਾਈ
ਤਾਂ ਕਿਹੜੀ ਫੋਟੋ ਤੇਰੀ ਦੇਖ ਬੇਵਫ਼ਾ ਕਹਾਂਗੇ। 

ਸੁਗਮ ਬਡਿਆਲ

Comments

Popular Posts