ਜ਼ਿੰਦਗੀ - ਅੱਜ 'ਕੱਲ' Jindgi Ajj Kall
ਅਸੀਂ ਜ਼ਿੰਦਗੀ ਬਾਰੇ ਕਿੰਨਾ ਕੁਝ ਸੋਚ ਕੇ ਰੱਖਦੇ ਹਾਂ ਨਾ। ਇਹ ਹੋ ਜਾਵੇਗਾ, ਉਸ ਤਰ੍ਹਾਂ ਕਰ ਲਵਾਂਗੇ, ਇਹ ਸਿਰਫ਼ ਮੇਰਾ ਹੈ, ਇਹ ਮੇਰੇ ਲਈ ਹੈ। ਕੀ ਅਸੀਂ ਇੱਕ ਪੱਲ ਵੀ ਸੋਚਦੇ ਹਾਂ ਕਿ ਅਗਲੇ ਪੱਲ ਕੀ ਹੋ ਜਾਵੇਗਾ, ਕਿਸ ਤਰ੍ਹਾਂ ਹੋ ਜਾਵੇਗਾ। ਸਭ ਨੂੰ ਅੱਜ ਤੋਂ ਵੱਧ ਕੱਲੵ ਦੀ ਸੋਚ ਵੱਧ ਪਿਆਰੀ ਲੱਗਦੀ ਹੈ। ਕਿਸੇ ਕੋਲ 'ਅੱਜ' ਲਈ ਟਾਇਮ ਨਹੀਂ ਕਿ ਅੱਜ ਸਾਡੇ ਤੋਂ ਕੀ ਚਾਹੁੰਦਾ ਹੈ। ਅੱਜ ਦੇ ਮਾਇਨੇ ਸਾਡੇ ਲਈ ਕੀ ਹਨ। ਕੱਲੵ ਦੀ ਉਮੀਦ ਵਿੱਚ ਅੱਜ ਭੁੱਲ ਗਿਆ ਹੈ।
ਕੱਲੵ ਨੂੰ ਸਵਾਰਨ ਦੇ ਚੱਕਰ ਵਿੱਚ ਅੱਜ ਦੀ ਖੁਸ਼ੀਆਂ ਕੁਰਬਾਨ ਕਰ ਰਿਹਾ ਹੈ। ਪਰਿਵਾਰ ਲਈ ਸਮਾਂ ਨਹੀਂ, ਕਿਉਂਕਿ ਉਨ੍ਹਾਂ ਦੇ ਕੱਲ ਨੂੰ ਸੇਫ ਕਰਨਾ ਚਾਹੀਦਾ ਹੈ।
ਇਹ ਪੱਲ ਅਸੀਂ ਅਪਣਾ ਨਹੀਂ ਸਕਦੇ, ਤਾਂ ਓਹ ਪੱਲ ਸਾਡਾ ਕਿਵੇਂ ਬਣ ਜਾਵੇਗਾ। ਕਹਿੰਦੇ ਹਨ ਕਿ ਜੇ ਕਾਮਯਾਬੀ ਦੀ ਮੰਜ਼ਿਲ 'ਤੇ ਪੁੱਜਣਾ ਹੋਵੇ ਤਾਂ ਸ਼ੁਰੂਆਤ ਕਰਨੀ ਲਾਜ਼ਮੀ ਹੈ। ਸ਼ੁਰੂਆਤ ਅਸੀਂ ਕਰਨਾ ਨਹੀਂ ਚਾਹੁੰਦੇ, ਮੰਜ਼ਿਲ ਤੇ ਪੁੱਜਣਾ ਵੀ ਚਾਹੁੰਦੇ ਹਨ। ਸੀੜੀ ਚੜਨਾ ਵੀ ਨਹੀਂ ਚਾਹੁੰਦੇ, ਪਰ ਉੱਪਰ ਚੋਟੀ ਦੇ ਖ਼ਾਬ ਪਾਲੀ ਬੈਠੇ ਹਾਂ। ਆਪਣੇ 'ਤੇ ਵਿਸ਼ਵਾਸ ਮੰਜ਼ਿਲ ਦੀ ਪਹਿਲੀ ਪੌੜੀ ਹੈ।
- 'ਪੱਕਾ ਵਿਸ਼ਵਾਸ ਮੰਜ਼ਿਲ ਹੈ'
ਅੱਜ ਜਿੰਨਾ ਖੁਬਸੂਰਤ ਮਿਲਿਆ ਹੋਵੇ, ਉਸ ਨੂੰ ਹੋਰ ਨਿਖਾਰ ਲੈਣਾ ਚਾਹੀਦਾ ਹੈ। ਸ਼ਾਇਦ ਕੱਲੵ ਇੰਨਾ ਖੂਬਸੂਰਤ ਰਹੇ ਨਾ ਰਹੇ।
ਜਵਾਨੀ ਦਾ ਗਲੋ ਕਰਦਾ ਚਿਹਰਾ ਤੇ 'ਕੱਲੵ' ਯਾਨੀ ਬੁਢਾਪੇ ਤੱਕ ਤਾਂ ਰਹਿ ਨਹੀਂ ਸਕਦਾ। ਕੱਲੵ ਦੀ ਸੋਚ ਦੇ ਰਾਹਾਂ ਵਿੱਚ ਸਿਰਫ਼ ਅੱਜ ਲਈ ਪਛਤਾਵਾ ਹੈ, ਜੋ ਸਿਰਫ਼ ਫ਼ੇਰ "ਭੱਵਿਖ ਦੇ ਅੱਜ" ਨੂੰ ਦਿਲਾਸੇ ਦਿੰਦਾ ਹੈ।
"ਅੱਜ" ਨੂੰ "ਕੱਲੵ" ਦਾ ਮੁਹਤਾਜ਼ ਨਹੀਂ ਹੋਣਾ ਚਾਹੀਦਾ।
ਅੱਜ ਦਾ ਰੰਗ ਚਿੱਟਾ ਹੈ ਜੋ ਦਿਖਾਈ ਦੇ ਰਿਹਾ ਹੈ ਤੇ ਕੱਲੵ ਹਨੇਰੇ ਵਰਗਾ ਕਾਲਾ ਹੈ ਜਿਸ ਵਿੱਚ ਭੱਵਿਖ ਦਾ ਕੋਈ ਰੰਗ ਨਜ਼ਰ ਨਹੀਂ ਅਾ ਰਿਹਾ। ਕੱਲੵ ਫ਼ੇਰ ਸਿਰਫ਼ ਬੀਤ ਚੁੱਕੇ ਅੱਜ ਲਈ ਕੀਰਨੇ ਪਾਉਂਦਾ ਹੈ। ਤੇ ਰਹਿ ਗਈ ਜ਼ਿੰਦਗੀ ਨੂੰ ਫ਼ੇਰ ਉਸੇ ਪੁਰਾਣੇ ਮਕਸਦ ਦੇ ਰਾਹੀਂ ਪਾ ਦਿੰਦਾ ਹੈ। ਜੋ ਫ਼ੇਰ ਮਰਦੇ ਦਮ ਤੱਕ ਪੂਰਾ ਨਹੀਂ ਹੋ ਪਾਉਂਦਾ।
ਇਹ ਇੱਕ ਪਹਿਲੂ ਹੈ। "ਅੱਜ" "ਕੱਲੵ" ਦੋਵੇਂ ਜਿੰਦਗੀ 'ਚ ਰਹਿੰਦੇ ਹਨ। 'ਅੱਜ' ਨੂੰ ਤਰਾਸ਼ ਕੇ 'ਕੱਲੵ' ਦੀ ਪੌੜੀ ਬਣ ਸਕਦੀ ਹੈ। ਅੱਜ ਦੀ ਪੱਕੀ ਨੀਂਹ ਕੱਲ ਨੂੰ ਸਹਾਰਾ ਦੇਣ ਦੇ ਕਾਬਿਲ ਹੋ ਸਕਦੀ ਹੈ। ਅਗਰ ਅੱਜ ਮੈਂ ਨਾ ਤੁਰੀ ਤਾਂ ਸ਼ਾਇਦ ਮੰਜ਼ਿਲ 'ਤੇ ਪੁੱਜਣ 'ਚ ਦੇਰ ਹੋ ਜਾਵੇ ਤੇ ਮੰਜ਼ਿਲਾਂ ਦੇ ਰਾਹਾਂ ਦੀ ਦਿਸ਼ਾ ਵੀ ਬਦਲ ਜਾਵੇ। ਤੇ ਪਲੈਨਿੰਗਾਂ ਧਰੀਆਂ ਦੀ ਧਰੀਆਂ ਰਹਿ ਜਾਣ।
'ਅੱਜ' ਦੀ ਮੈਨੂੰ ਖਬਰ ਹੈ ਤੇ 'ਕੱਲੵ' ਬੇਧਿਆਨਾ ਹੈ। ਅਦਿੱਖ ਹੈ। 'ਕੱਲੵ' ਲਈ ਮੈਂ 'ਹੁਣ' 'ਅੱਜ ਨਹੀਂ ਗੁਆ ਸਕਦੀ। "ਅੱਜ ਮੇਰੀ ਉਂਗਲਾਂ 'ਚ ਹੈ ਤੇ ਕੱਲੵ ਦੀ ਗਰੰਟੀ ਕੌਣ ਦੇ ਸਕਦਾ ਹੈ?
ਕੱਲੵ, ਕੱਲੵ ਕਰਦੇ, ਅੱਜ ਵੀ ਖੋਇਆ
ਫ਼ੇਰ ਪਛਤਾਇਆ, ਤੇ ਨਾਲੇ ਰੋਇਆ
ਰਾਹਾਂ ਦੇ ਹੁਣ ਰਾਹ ਵੀ ਭੁੱਲ ਗਏ
ਕੱਲ ਦੀ ਚਾਹ ਵਿੱਚ, 'ਅੱਜ' ਵੀ ਹੱਥੋਂ ਡੁੱਲ੍ਹ ਗਏ
ਮੈਂ ਰਹਿ ਗਈ, ਬੱਸ ਹੁਣ ਕੱਲੵ ਲਈ ਇੱਕ ਕਹਾਣੀ
ਕਾਲੇ - ਚਿੱਟੇ, ਦੋ ਮੇਰੇ ਹਾਣੀ
ਓਹ ਪੱਲ "ਕਾਸ਼" ਰਹਿ ਗਿਆ
ਮੰਜ਼ਿਲਾਂ ਹੋਰ ਉੱਚੀਆਂ
ਮੇਰੀ ਜ਼ਿੰਦਗੀ ਦੀ ਇਮਾਰਤ ਢਾਹ ਗਿਆ।
- ਸੁਗਮ ਬਡਿਆਲ
Comments